- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਈ.ਪੀ.ਐੱਫ. ਕਮਿਸ਼ਨਰ ਨੂੰ ਮਿਿਲਆ ਜੇ.ਸੀ.ਟੀ. ਇੰਟਕ ਯੂਨੀਅਨ ਦਾ ਵਫ਼ਦ

-ਈਪੀਐੱਫ ਕਮਿਸ਼ਨਰ ਨੂੰ ਮਿਲਿਆ ਜੇਸੀਟੀ ਇੰਟਕ ਯੂਨੀਅਨ ਦਾ ਵਫ਼ਦ
-ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਜੇਸੀਟੀ ਮਿਲ ਫਗਵਾੜਾ ਤੇ ਹੁਸ਼ਿਆਰਪੁਰ ਨਾਲ ਸਬੰਧਤ ਇੱਕ ਵਫ਼ਦ ਇੰਟਕ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਅਗਵਾਈ ਹੇਠ ਈਪੀਐੱਫ ਵਿਭਾਗ ਜਲੰਧਰ ਦੇ ਕਮਿਸ਼ਨਰ ਪੰਕਜ ਕੁਮਾਰ ਨੂੰ ਮਿਲfਆ। ਇਸ ਮੌਕੇ ਜੇਸੀਟੀ ਇੰਟਕ ਯੂਨੀਅਨ ਫਗਵਾੜਾ ਸ਼ਾਖਾ ਦੇ ਪ੍ਰਧਾਨ ਧਰਮਿੰਦਰ, ਰਾਜਿੰਦਰ ਵਰਮਾ, ਸੁਨੀਲ ਕੁਮਾਰ, ਚੰਦਨ ਕੁਮਾਰ ਤੇ ਰੂਪ ਲਾਲ ਵੀ ਮੌਜੂਦ ਸਨ।
ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਜੇਸੀਟੀ ਮਿਲ ਦੇ ਮਜ਼ਦੂਰਾਂ ਦੇ ਬਕਾਏ ਨੂੰ ਲੈ ਕੇ ਕਮਿਸ਼ਨਰ ਪੰਕਜ ਕੁਮਾਰ ਨਾਲ ਵਿਸਥਾਰਪੂਰਵਕ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਜੇਸੀਟੀ ਟਰੱਸਟ ਵੱਲੋਂ ਸਿਰਫ਼ ਸਾਲ 2023 ਤੱਕ ਦਾ ਈਪੀਐੱਫ ਹੀ ਜਮ੍ਹਾਂ ਕਰਵਾਇਆ ਗਿਆ ਹੈ, ਜਦਕਿ ਦੇਰੀ ਦੀ ਮਿਆਦ ਦਾ ਕੋਈ ਵਿਆਜ ਜਮ੍ਹਾਂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮਜ਼ਦੂਰਾਂ ਵਿੱਚ ਇਹ ਭਰਮ ਪੈਦਾ ਕਰਕੇ ਕਿ ਉਨ੍ਹਾਂ ਦੀ ਸਾਰੀ ਰਕਮ ਜਮ੍ਹਾਂ ਹੋ ਚੁੱਕੀ ਹੈ ਤੇ ਹੁਣ ਸਬੰਧਤ ਵਿਭਾਗ ਵੱਲੋਂ ਅਗਲੀ ਪ੍ਰਕਿਰਿਆ ਰਾਹੀਂ ਮਜ਼ਦੂਰਾਂ ਨੂੰ ਫੁੱਲ ਐਂਡ ਫਾਈਨਲ ਭੁਗਤਾਨ ਕੀਤਾ ਜਾਣਾ ਹੈ, ਇਸ ਲਈ ਉਨ੍ਹਾਂ ਨੂੰ ਜੇਸੀਟੀ ਕਾਲੋਨੀ ਦੇ ਕੁਆਰਟਰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ।
ਪ੍ਰਧਾਨ ਨੇ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਉਮੇਸ਼ ਗਰਗ (ਆਰਪੀ) ’ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦਿਆਂ ਸਵਾਲ ਕੀਤਾ ਕਿ ਮਜ਼ਦੂਰਾਂ ਦੀ ਪੂਰੀ ਰਕਮ ਜਮ੍ਹਾਂ ਕਰਵਾਏ ਬਿਨਾਂ ਕਾਲੋਨੀ ਖਾਲੀ ਕਰਨ ਦਾ ਨੋਟਿਸ ਚਿਪਕਾਉਣ ਦਾ ਅਧਿਕਾਰ ਉਨ੍ਹਾਂ ਨੂੰ ਆਖ਼ਿਰ ਕਿਸ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ ਹੈ ਤੇ ਇੰਟਕ ਯੂਨੀਅਨ ਵੀ ਮਜ਼ਦੂਰਾਂ ਦੇ ਸੰਘਰਸ਼ ਵਿੱਚ ਡਟ ਕੇ ਖੜ੍ਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਜ਼ਦੂਰਾਂ ਦਾ ਫੁੱਲ ਐਂਡ ਫਾਈਨਲ ਭੁਗਤਾਨ ਵਿਆਜ ਸਮੇਤ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
ਸੁਰਿੰਦਰ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਨੂੰ ਕਾਂਗਰਸ ਦੇ ਸਾਰੇ ਸੱਤ ਸੰਸਦ ਮੈਂਬਰਾਂ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਹਮਣੇ ਰੱਖਿਆ ਜਾਵੇਗਾ ਤੇ ਦੇਸ਼ ਦੀ ਸੰਸਦ ਵਿੱਚ ਵੀ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਸੁਰਿੰਦਰ ਸ਼ਰਮਾ ਨੇ ਆਰਪੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਜ਼ਦੂਰਾਂ ਤੇ ਕਰਮਚਾਰੀਆਂ ਨੂੰ ਜ਼ਬਰਦਸਤੀ ਕਾਲੋਨੀ ਵਿੱਚੋਂ ਕੱਢਣ ਦੀ ਕੋਈ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ।
ਇਸ ਮੌਕੇ ਜੇਸੀਟੀ ਫਗਵਾੜਾ ਯੂਨਿਟ ਦੇ ਇੰਟਕ ਪ੍ਰਧਾਨ ਧਰਮਿੰਦਰ ਨੇ ਵੀ ਕਿਹਾ ਕਿ ਜਦੋਂ ਤੱਕ ਬਕਾਇਆ ਤਨਖ਼ਾਹ, ਭੱਤੇ, ਪੀਐੱਫ ਤੇ ਹੋਰ ਦੇਣਦਾਰ ਰਕਮ ਦਾ ਪੂਰਾ ਨਿਪਟਾਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰਕੇ ਮਿਲ ਵਿੱਚੋਂ ਕੱਢਣ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਸ਼ਰਾਰਤੀ ਅਨਸਰ ਮਜ਼ਦੂਰਾਂ ਨੂੰ ਗੁਮਰਾਹ ਨਾ ਕਰਨ : ਆਰਪੀ
ਇਸ ਸਬੰਧੀ ਜਦੋਂ ਉਮੇਸ਼ ਗਰਗ ਆਰਪੀ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਲੋਕ ਜਾਣ-ਬੁੱਝ ਕੇ ਮਜ਼ਦੂਰਾਂ ਨੂੰ ਗੁਮਰਾਹ ਕਰ ਰਹੇ ਹਨ। ਉਹ ਜੋ ਵੀ ਕਰ ਰਹੇ ਹਨ ਮਾਨਯੋਗ ਕੋਰਟ ਦੇ ਆਰਡਰਾਂ ’ਤੇ ਕੀਤਾ ਜਾ ਰਿਹਾ ਹੈ। ਉਹ ਖੁਦ ਨਹੀਂ ਆਏ ਉਨ੍ਹਾਂ ਨੂੰ ਮਾਨਯੋਗ ਕੋਰਟ ਵੱਲੋਂ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਜੋ ਵੀ ਨਿਯਮ ਕਾਨੂੰਨ ਹੋਣਗੇ ਉਸਦੇ ਮੁਤਾਬਿਕ ਹੀ ਸਾਰਾ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਸ਼ਰਾਰਤੀ ਅਨਸਰਾਂ ਨੂੰ ਅਪੀਲ ਕੀਤੀ ਕਿ ਉਹ ਮਜ਼ਦੂਰਾਂ ਨੂੰ ਗੁਮਰਾਹ ਕਰਕੇ ਕੰਮ ਵਿੱਚ ਰੁਕਾਵਟ ਨਾ ਪਾਉਣ।