ਗੰਨੇ ਦੇ ਬਕਾਏ ਲਈ ਡਾ. ਚੱਬੇਵਾਲ ਨੂੰ ਮਿਲੇ ਕਿਸਾਨ ਗੰਨੇ ਦੇ ਬਕਾਇਆ 28 ਕਰੋੜ ਰੁਪਏ ਦੀ ਅਦਾਇਗੀ ਲਈ ਕਿਸਾਨਾਂ ਦਾ ਵਫ਼ਦ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮਿਿਲਆ
Publish Date: Tue, 22 Sep 2026 08:55 PM (IST)
Updated Date: Tue, 22 Sep 2026 08:57 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਸਰਕਲ ਦੇ ਕਿਸਾਨਾਂ ਵੱਲੋਂ ਸ਼ੁਗਰ ਮਿੱਲ ਮਾਲਕਾਂ ਵੱਲ ਗੰਨੇ ਦੀ ਫਸਲ ਦੀ ਲੰਬੇ ਸਮੇਂ ਤੋਂ ਬਕਾਇਆ ਪਈ 28 ਕਰੋੜ ਰੁਪਏ ਦੀ ਰਾਸ਼ੀ ਦੀ ਅਦਾਇਗੀ ਕਰਵਾਉਣ ਦੀ ਮੰਗ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਤੇ ਫਗਵਾੜਾ ਵਿਧਾਨ ਸਭਾ ਹਲਕੇ ਦੇ ‘ਆਪ’ ਪਾਰਟੀ ਇੰਚਾਰਜ ਡਾ. ਰਾਜ ਕੁਮਾਰ ਚੱਬੇਵਾਲ ਨੂੰ ਯਾਦ ਪੱਤਰ ਦਿੱਤਾ ਗਿਆ। ਕਿਸਾਨਾਂ ਦੇ ਵਫ਼ਦ ਨੇ ਡਾ. ਰਾਜਕੁਮਾਰ ਨੂੰ ਮੰਗ ਪੱਤਰ ਦਿੰਦਿਆਂ ਫਗਵਾੜਾ ਸ਼ੂਗਰ ਮਿੱਲ ਨਾਲ ਸਬੰਧਤ ਕਰੀਬ 28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਦਿਵਾਉਣ ਲਈ ਤੁਰੰਤ ਦਖ਼ਲ ਦੀ ਮੰਗ ਕੀਤੀ। ਇਸ ਦੇ ਨਾਲ ਹੀ ਕਿਸਾਨਾਂ ਨੇ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਫਸਲ ਲਈ 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬਣਦੀ ਕਰੀਬ 18 ਕਰੋੜ 93 ਲੱਖ ਰੁਪਏ ਦੀ ਬਕਾਇਆ ਰਾਸ਼ੀ ਵੀ ਜਲਦ ਤੋਂ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਮੌਲੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ। ਫਸਲ ਦੀ ਅਦਾਇਗੀ ਲੰਬੇ ਸਮੇਂ ਤੋਂ ਨਾ ਹੋਣ ਕਾਰਨ ਕਿਸਾਨਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਲਾ ਮੌਲੀ ਨੇ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਕਦੇ ਮੌਸਮ ਦੀ ਮਾਰ ਝੱਲਣੀ ਪੈਂਦੀ ਹੈ ਤੇ ਕਈ ਵਾਰ ਮਿੱਲਾਂ ਵੱਲੋਂ ਫਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਂਦੀਆਂ ਹਨ। ਹੁਣ ਤਿਉਹਾਰਾਂ ਦਾ ਸੀਜ਼ਨ ਵੀ ਨੇੜੇ ਆ ਰਿਹਾ ਹੈ ਤੇ ਕਿਸਾਨਾਂ ਨੂੰ ਆਪਣੇ ਘਰੇਲੂ ਤੇ ਖੇਤੀਬਾੜੀ ਖਰਚਿਆਂ ਲਈ ਪੈਸਿਆਂ ਦੀ ਸਖ਼ਤ ਲੋੜ ਹੈ। ਕਿਸਾਨਾਂ ਨੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਸਰਕਾਰ ਤੇ ਸਬੰਧਤ ਮਿੱਲ ਪ੍ਰਬੰਧਨ ਨਾਲ ਗੱਲਬਾਤ ਕਰਨ ਤੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਬਕਾਇਆ ਰਕਮ ਜਲਦ ਜਾਰੀ ਕਰਵਾਉਣ ਲਈ ਯਤਨ ਕਰਨ। ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸਾਨਾਂ ਦੀ ਬਕਾਇਆ ਰਾਸ਼ੀ ਦਿਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਵਿਭਾਗਾਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਸਾਨਾਂ ਦੇ ਵਫ਼ਦ ਵਿੱਚ ਗੁਰਪਾਲ ਸਿੰਘ ਪਾਲਾ ਮੌਲੀ, ਸ਼ਰਨਜੀਤ ਸਿੰਘ ਅਠੌਲੀ, ਕੁਲਵਿੰਦਰ ਸਿੰਘ ਸਰਪੰਚ ਅਠੌਲੀ, ਸੰਨੀ ਵਾਹਦ, ਗੁਰਸ਼ਰਨ ਸਿੰਘ ਪੰਡੋਰੀ, ਬਲਜਿੰਦਰ ਸਿੰਘ ਢੰਡਾ ਮਾਨਾਵਾਲੀ, ਗੁਰਮੀਤ ਸਿੰਘ ਦਰਵੇਸ਼ ਪਿੰਡ, ਤਰਲੋਚਨ ਸਿੰਘ ਦਰਵੇਸ਼ ਪਿੰਡ, ਹਰਵਿੰਦਰ ਸਿੰਘ ਮਾਨਾਵਾਲੀ, ਹਰਿੰਦਰ ਸਿੰਘ ਨੰਗਲ ਮੱਝਾਂ ਆਦਿ ਹਾਜ਼ਰ ਸਨ।