- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਦੇ ਢੁਕਵੇਂ ਹੱਲ ਲਈ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਿਲਆ ਵਫਦ

ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਦੇ ਮੋਹਤਬਰ ਵਿਅਕਤੀਆਂ ਦਾ ਇੱਕ ਵਫਦ ਅੱਜ ਐਸ.ਪੀ. ਮਾਧਵੀ ਸ਼ਰਮਾ ਨੂੰ ਮਿਲਿਆ। ਇਸ ਦੌਰਾਨ ਵਫਦ ਵਿੱਚ ਸ਼ਾਮਲ ਆਗੂਆਂ ਨੇ ਐਸ.ਪੀ. ਫਗਵਾੜਾ ਨੂੰ ਸ਼ਹਿਰ ਵਾਸੀਆਂ ਨਾਲ ਸਬੰਧਤ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਲੋਕ ਹਿੱਤ ਵਿੱਚ ਜਲਦੀ ਤੋਂ ਜਲਦੀ ਢੁਕਵੀਂ ਕਾਰਵਾਈ ਕੀਤੀ ਜਾਵੇ। ਇਸ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਬੇਡਕਰ ਸੈਨਾ ਪੰਜਾਬ ਦੇ ਪ੍ਰਧਾਨ ਸੁਰਿੰਦਰ ਢੰਡਾ, ਸੁਖਵਿੰਦਰ ਸਿੰਘ ਸ਼ੇਰਗਿਲ, ਰਮੇਸ਼ ਕੌਲ ਅਤੇ ਪਰਮਿੰਦਰ ਬੋਧ ਨੇ ਦੱਸਿਆ ਕਿ ਸ਼ਹਿਰ ਦੇ ਲੋਕ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਸਥਾਈ ਹੱਲ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਐਸ.ਪੀ. ਮਾਧਵੀ ਸ਼ਰਮਾ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਹੈ।
ਵਫਦ ਨੇ ਐਸ.ਪੀ. ਮਾਧਵੀ ਸ਼ਰਮਾ ਰਾਹੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੀਟੀ ਰੋਡ ਫਲਾਈ ਓਵਰ ਦੇ ਉੱਪਰ ਸ਼ੁਗਰ ਮਿਲ ਚੌਕ ਵਾਲਾ ਬੰਦ ਕੀਤਾ ਰਸਤਾੰ ਤੁਰੰਤ ਖੋਲ੍ਹਿਆ ਜਾਵੇ, ਕਿਉਂਕਿ ਇਸ ਦੇ ਨਾਲ ਨਕਦੋਰ ਸਾਈ ਤੋਂ ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਨੂੰ ਜਾਣ-ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਪਰੇਸ਼ਾਨੀ ਪੇਸ਼ ਆਉਂਦੀ ਹੈ। ਇਸ ਦੇ ਨਾਲ ਹੀ ਹਦੀਆਬਾਦ, ਸਤਨਾਮਪੁਰਾ ਸਾਈਡ ਤੋਂ ਸ਼ਹਿਰ ਦੀ ਦੂਸਰੀ ਸਾਈਡ ਆਉਣ ਵਾਲੇ ਹਜਾਰਾਂ ਲੋਕ ਚਾਹਲ ਨਗਰ ਚੌਕ ਸਾਈਡ ਤੋਂ ਕਾਫੀ ਲੰਮਾ ਚੱਕਰ ਲਗਾਉਣ ਲਈ ਮਜਬੂਰ ਹੁੰਦੇ ਹਨ। ਜਿਸ ਨਾਲ ਲੋਕਾਂ ਨੂੰ ਬੇਲੋੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਵਫਦ ਨੇ ਕੌਲਸਰ ਮੁਹੱਲੇ ਸਮੇਤ ਸ਼ਹਿਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਟੇਚੂਆਂ ਦੀ ਸੁਰੱਖਿਆ ਦਾ ਪ੍ਰਬੰਧ ਕੀਤੇ ਜਾਣ ਦੀ ਮੰਗ ਵੀ ਰੱਖੀ। ਆਗੂਆਂ ਨੇ ਕਿਹਾ ਕਿ ਮਹਾਂਪੁਰਖਾਂ ਦੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਸਥਾਨਾਂ ’ਤੇ ਸੁਰੱਖਿਆ ਪ੍ਰਬੰਧ ਹੋਣੇ ਬਹੁਤ ਜ਼ਰੂਰੀ ਹਨ।
ਵਫਦ ਨੇ ਇਹ ਵੀ ਮੰਗ ਕੀਤੀ ਕਿ ਵੱਖ-ਵੱਖ ਥਾਣਿਆਂ ‘ਚ ਲੰਮੇ ਸਮੇਂ ਤੋਂ ਪਈਆਂ ਦਰਖਾਸਤਾਂ ਦਾ ਨਿਪਟਾਰਾ ਜਲਦ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਥਾਣਿਆਂ ਦੇ ਵਾਰ-ਵਾਰ ਚੱਕਰ ਨਾ ਲਗਾਉਣੇ ਪੈਣ। ਆਗੂਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇੱਕ ਪੀੜਤ ਨੂੰ ਸੀਨੀਅਰ ਪੁਲਿਸ ਅਧਿਕਾਰੀ ਵਲੋਂ ਦਫਤਰ ਵਿੱਚ ਕਾਫੀ ਦੇਰ ਬਿਠਾਉਣ ਅਤੇ ਫਿਰ ਗੈਟ-ਆਊਟ ਕਹਿ ਕੇ ਬਾਹਰ ਕੱਢਿਆ ਗਿਆ ਸੀ, ਜਿਸ ਵੱਲ ਵੀ ਐਸ.ਪੀ. ਦਾ ਧਿਆਨ ਦੁਵਾਇਆ ਗਿਆ ਅਤੇ ਭਵਿੱਖ ‘ਚ ਆਮ ਲੋਕਾਂ ਨਾਲ ਪੁਲਿਸ ਦੇ ਨਰਮ ਰਵੱਈਏ ਨੂੰ ਯਕੀਨੀ ਬਨਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਵਫਦ ਵਿੱਚ ਸ਼ਾਮਲ ਆਗੂਆਂ ਵਲੋਂ ਸਥਾਨਕ ਭੁੱਲਾਰਾਈ ਰੋਡ ਤੋਂ ਵੀਂ ਸਬਜੀ ਮੰਡੀ ਅਤੇ ਦਾਣਾ ਮੰਡੀ ਨੂੰ ਜਾਂਦੀ ਸੜਕ ‘ਤੇ ਰਾਤ ਦੇ ਸਮੇਂ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਕਥਿਤ ਤੌਰ ’ਤੇ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਦਾ ਮੁੱਦਾ ਵੀ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਕਾਰਨ ਇਲਾਕੇ ਦੇ ਲੋਕਾਂ, ਖਾਸ ਕਰਕੇ ਮਹਿਲਾਵਾਂ ਅਤੇ ਰਾਹਗੀਰਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਅਤੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਤੁਰੰਤ ਨੱਥ ਪਾਈ ਜਾਵੇ।
ਸੁਰਿੰਦਰ ਢੰਡਾ ਅਤੇ ਸੁਖਵਿੰਦਰ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਐਸ.ਪੀ. ਮਾਧਵੀ ਸ਼ਰਮਾ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਹਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਜਿੱਥੇ ਪੁਲਿਸ ਵਿਭਾਗ ਦਾ ਅਧਿਕਾਰ ਖੇਤਰ ਬਣਦਾ ਹੈ, ਉੱਥੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਹੋਰ ਮਾਮਲਿਆਂ ਨੂੰ ਸਬੰਧਤ ਵਿਭਾਗਾਂ ਕੋਲ ਭੇਜਿਆ ਜਾਵੇਗਾ। ਆਗੂਆਂ ਨੇ ਭਰੋਸਾ ਜਤਾਇਆ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ‘ਤੇ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਾਲ ਹੀ ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਜਲਦੀ ਹੀ ਢੁਕਵੇਂ ਕਦਮ ਨਾ ਚੁੱਕੇ ਗਏ ਅਤੇ ਲੋਕਾਂ ਦੀ ਖੱਜਲ ਖੁਆਰੀ ਅਤੇ ਕਾਨੂੰਨ ਵਿਵਸਥਾ ਦਾ ਸੁਧਾਰ ਨਾ ਹੋਇਆ ਤਾਂ ਸਮੂਹ ਸ਼ਹਿਰ ਵਾਸੀਆਂ ਦੇ ਨਾਲ ਅੰਦੋਲਨ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਅਸ਼ਵਨੀ ਬਘਾਣੀਆ, ਸੁਰਿੰਦਰ ਰਾਵਲਪਿੰਡੀ, ਮਨੋਜ ਪਲਾਹੀ ਗੇਟ, ਡਾ. ਸੁਰਜੀਤ ਆਦਿ ਹਾਜ਼ਰ ਸਨ।