ਚਰਚ ਬਚਾਓ ਮੋਰਚੇ ਦਾ ਵਫ਼ਦ ਐੱਸਐੱਸਪੀ ਨੂੰ ਮਿਲਿਆ ਚਰਚ ਬਚਾਓ ਮੋਰਚੇ ਦਾ ਵਫ਼ਦ ਐੱਸਐੱਸਪੀ ਗੌਰਵ ਤੂਰਾ ਨੂੰ ਮਿਲਿਆ
Publish Date: Tue, 15 Sep 2026 06:56 PM (IST)
Updated Date: Tue, 15 Sep 2026 06:59 PM (IST)
-- ਯਹੋਵਾਹ ਸ਼ਬਦ ਦਾ ਗਲਤ ਇਸਤੇਮਾਲ ਕਰਨ ਵਾਲੇ ਵਿਰੁੱਧ ਕਾਰਵਾਈ ਹੋਵੇ : ਅਟਵਾਲ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਚਰਚ ਬਚਾਓ ਮੋਰਚਾ ਕਪੂਰਥਲਾ, ਪੰਜਾਬ ਦੇ ਮੋਢੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਮੋਰਚੇ ਦੇ ਵਫ਼ਦ ਨੇ ਐੱਸਐੱਸਪੀ ਗੌਰਵ ਤੂਰਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵੱਲੋਂ ਈਸਾਈ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਭਖਦੇ ਮਸਲੇ ਐੱਸਐੱਸਪੀ ਕਪੂਰਥਲਾ ਦੇ ਧਿਆਨ ਵਿੱਚ ਮਾਮਲੇ ਲਿਆਂਦੇ ਗਏ। ਵਫ਼ਦ ਨੇ ਬਟਾਲਾ ਨਿਵਾਸੀ ਵਿਅਕਤੀ ਬਾਰੇ ਆਪਣੀ ਸ਼ਿਕਾਇਤ ਰੱਖਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਪਾਸਟਰ ਦੱਸਦਾ ਹੈ ਤੇ ‘ਯਹੋਵਾਹ’ ਪਵਿੱਤਰ ਨਾਮ ਨੂੰ ਇੱਕ ਕਥਿਤ ਬਲਾਤਕਾਰ ਦੇ ਦੋਸ਼ੀ ਵਿਅਕਤੀ ਦੇ ਨਾਮ ਨਾਲ ਜੋੜ ਕੇ ਆਪਣੇ ਫੇਸਬੁੱਕ ਹੈਂਡਲ ਤੋਂ ਪੋਸਟਾਂ ਪਾਉਂਦਾ ਹੈ, ਜਿਸ ਕਾਰਨ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਮੋਰਚੇ ਨੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ, ਜੇਕਰ ਦੋਸ਼ ਸਹੀ ਪਾਏ ਜਾਣ, ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਦੌਰਾਨ ਈਸਾਈ ਭਾਈਚਾਰੇ ਦੇ ਭਖਦੇ ਮਸਲਿਆਂ, ਧਾਰਮਿਕ ਭਾਵਨਾਵਾਂ ਦੀ ਰੱਖਿਆ ਤੇ ਕਾਨੂੰਨ-ਵਿਵਸਥਾ ਨਾਲ ਜੁੜੇ ਹੋਰ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਚਰਚ ਬਚਾਓ ਮੋਰਚਾ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਨਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਤੇ ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮਾਮਲਿਆਂ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਚਰਚ ਬਚਾਓ ਮੋਰਚੇ ਦੇ ਸਕੱਤਰ ਰਾਜ ਕਲਿਆਣ, ਡੈਨੀਅਲ ਗਿੱਲ ਜ਼ਿਲ੍ਹਾ ਪ੍ਰਧਾਨ, ਵਿਜੇ ਕੁਮਾਰ ਗਿੱਲ, ਦੇਵ ਕੁਮਾਰ ਆਰਸੀਐੱਫ, ਅਰੁਣ ਅਟਵਾਲ ਯੂਥ ਪ੍ਰਧਾਨ ਆਦਿ ਹਾਜ਼ਰ ਸਨ।