ਮਹੇੜੂ ਕਾਲੋਨੀ ਦੇ ਠੇਕੇ ’ਤੇ ਸਵੇਰੇ ਹੀ ਲੱਗ ਜਾਂਦੀ ਭੀੜ ਮਹੇੜੂ ਕਲੋਨੀ ਦੇ ਸ਼ਰਾਬ ਦੇ ਠੇਕੇ ’ਤੇ ਤੜਕਸਾਰ ਹੀ ਲੱਗ ਜਾਂਦੀ ਪਿਆਕੜਾਂ ਦੀ ਭੀੜ
Publish Date: Fri, 25 Sep 2026 07:34 PM (IST)
Updated Date: Fri, 25 Sep 2026 07:36 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਮਹੇੜੂ ਕਾਲੋਨੀ ਸਥਿਤ ਸ਼ਰਾਬ ਦੇ ਠੇਕੇ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਗੰਭੀਰ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਠੇਕਾ ਖੋਲ੍ਹਣ ਦਾ ਨਿਯਤ ਸਮਾਂ ਸਵੇਰੇ 9 ਵਜੇ ਦਾ ਹੈ, ਜਿਸ ਦਾ ਸਮਾਂ ਬਾਹਰ ਲਿਖਿਆ ਵੀ ਹੋਇਆ ਹੈ, ਪਰ ਇਸ ਤੋਂ ਕਾਫੀ ਪਹਿਲਾਂ ਹੀ ਤੜਕਸਾਰ ਪਿਆਕੜਾਂ ਦੀ ਰੌਣਕ ਲੱਗ ਜਾਂਦੀ ਹੈ। ਸਥਾਨਕ ਲੋਕਾਂ ਵੱਲੋਂ ਦੱਸਿਆ ਗਿਆ ਕਿ ਠੇਕੇ ਦੀ ਗੁਪਤ ਮੋਰੀ ਰਾਹੀਂ ਸ਼ਰਾਬ ਦੀ ਸਪਲਾਈ ਕਰ ਦਿੱਤੀ ਜਾਂਦੀ ਹੈ ਤੇ ਲੋਕਾਂ ਨੂੰ ਨਿਯਤ ਸਮੇਂ ਤੋਂ ਪਹਿਲਾਂ ਹੀ ਸ਼ਰਾਬ ਉਪਲਬਧ ਕਰਵਾਈ ਜਾਂਦੀ ਹੈ। ਸਥਾਨਕ ਲੋਕਾਂ ਮੁਤਾਬਕ ਇਹ ਮਾਮਲਾ ਸਿਰਫ਼ ਸਵੇਰ ਦੇ ਸਮੇਂ ਤੱਕ ਹੀ ਸੀਮਤ ਨਹੀਂ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਰਾਤ ਨੂੰ ਠੇਕਾ ਬੰਦ ਹੋਣ ਤੋਂ ਬਾਅਦ ਵੀ ਕਥਿਤ ਤੌਰ ’ਤੇ ਗੁਪਤ ਮੋਰੀ ਰਾਹੀਂ ਸ਼ਰਾਬ ਦੀ ਵਿਕਰੀ ਜਾਰੀ ਰਹਿੰਦੀ ਹੈ ਤੇ ਇਸ ਲਈ ਆਮ ਰੇਟ ਨਾਲੋਂ ਵੱਧ ਪੈਸੇ ਵਸੂਲੇ ਜਾਂਦੇ ਹਨ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਗਣਤੰਤਰਤਾ ਦਿਵਸ ਤੇ 15 ਅਗਸਤ ਵਰਗੇ ਦਿਨਾਂ, ਜਦੋਂ ਸ਼ਰਾਬ ਦੀ ਵਿਕਰੀ ਸਬੰਧੀ ਵਿਸ਼ੇਸ਼ ਪਾਬੰਦੀਆਂ ਲਾਗੂ ਹੁੰਦੀਆਂ ਹਨ, ਉਨ੍ਹਾਂ ਦਿਨਾਂ ਵਿੱਚ ਵੀ ਕਥਿਤ ਤੌਰ ’ਤੇ ਮਹਿੰਗੇ ਰੇਟਾਂ ’ਤੇ ਸ਼ਰਾਬ ਮੁਹੱਈਆ ਕਰਵਾਈ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਦੋਸ਼ ਸਹੀ ਹਨ ਤਾਂ ਇਹ ਆਬਕਾਰੀ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰਦੇ ਹਨ। ਇਸੇ ਤਰ੍ਹਾਂ ਲਾਅ ਗੇਟ ਮਹੇੜੂ ਦੇ ਅੰਦਰਲੇ ਹਿੱਸੇ ਵਿੱਚ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਵੀ ਸਥਾਨਕ ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਨਿਯਤ ਸਮਾਂ ਖਤਮ ਹੋਣ ਤੋਂ ਬਾਅਦ ਰਾਤ ਸਮੇਂ ਵੀ ਕਈ ਵਾਰ ਠੇਕੇ ਖੁੱਲ੍ਹੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕਿਸੇ ਵੀ ਸਮੇਂ ਦੇਖੀਆਂ ਜਾ ਸਕਦੀਆਂ ਹਨ। ਸਥਾਨਕ ਵਸਨੀਕਾਂ ਨੇ ਸਬੰਧਤ ਆਬਕਾਰੀ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਹੇੜੂ ਕਾਲੋਨੀ ਤੇ ਲਾਅ ਗੇਟ ਮਹੇੜੂ ਦੇ ਸ਼ਰਾਬ ਠੇਕਿਆਂ ਦੀ ਅਚਨਚੇਤ ਜਾਂਚ ਕੀਤੀ ਜਾਵੇ। ਨਿਯਤ ਸਮੇਂ ਤੋਂ ਪਹਿਲਾਂ ਜਾਂ ਬਾਅਦ ਸ਼ਰਾਬ ਦੀ ਵਿਕਰੀ ਤੇ ਵੱਧ ਰੇਟ ਵਸੂਲਣ ਸਬੰਧੀ ਲੱਗ ਰਹੇ ਦੋਸ਼ਾਂ ਦੀ ਜਾਂਚ ਕਰਕੇ ਜੇਕਰ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਸਬੰਧਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।