ਮੇਲਿਆਂ ’ਚ ਵਧਣ ਲੱਗੀ ਭਗਤਾਂ ਦੀ ਭੀੜ
ਸਾਵਣ ਦੇ ਮੇਲਿਆਂ ਮੌਕੇ ਮਾਂ ਚਿੰਤਪੁਰਨੀ ਦਰਬਾਰ ਵੱਲ ਵਧਣ ਲੱਗੀ ਭਗਤਾਂ ਦੀ ਭੀੜ
Publish Date: Thu, 13 Aug 2026 08:05 PM (IST)
Updated Date: Thu, 13 Aug 2026 08:08 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : 13 ਅਗਸਤ ਤੋਂ ਸ਼ੁਰੂ ਹੋਏ ਮਾਂ ਚਿੰਤਪੁਰਨੀ ਦਰਬਾਰ ’ਤੇ ਸਾਵਣ ਦੇ ਮੇਲਿਆਂ ਨੂੰ ਲੈ ਫਗਵਾੜਾ, ਹੁਸ਼ਿਆਰਪੁਰ ਤੋਂ ਲੈ ਕੇ ਮਾਂ ਚਿੰਤਪੁਰਨੀ ਦਰਬਾਰ ਵੱਲ ਜਾਂਦੇ ਰਸਤਿਆਂ ਵੱਲ ਮਹਾਮਾਈ ਦੇ ਭਗਤਾਂ ਦੀ ਭੀੜ ਵਧਦੀ ਹੀ ਜਾ ਰਹੀ ਹੈ, ਹਾਲਾਂਕਿ ਮੇਲੇ ਤੋਂ ਪਹਿਲਾਂ ਹੀ ਭਗਤਾਂ ਨੇ ਦਰਬਾਰ ਵੱਲ ਰੁਖ ਕਰ ਲਿਆ ਸੀ ਪਰ ਦੇਖਦੇ ਹੀ ਦੇਖਦੇ ਹੁਣ ਇਸ ਦਰਬਾਰ ਤੋਂ ਦੂਰ-ਦੂਰ ਤੱਕ ਭਾਰੀ ਚਹਿਲ-ਪਹਿਲ ਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਤੇ ਜਗ੍ਹਾ-ਜਗ੍ਹਾ ਲੰਗਰ ਤੇ ਭਗਤਾਂ ਦੀ ਸੁਵਿਧਾ ਤੇ ਸੁਰੱਖਿਆ ਲਈ ਸਾਰੀਆਂ ਹੀ ਪ੍ਰਸ਼ਾਸਨਿਕ ਤਿਆਰੀਆਂ ਬੜੇ ਹੀ ਸੁਚੱਜੇ ਢੰਗ ਨਾਲ ਕੀਤੀਆਂ ਗਈਆਂ ਹਨ। ਰੰਗ ਬਿਰੰਗੇ ਫੁੱਲਾਂ ਨਾਲ ਮਾਂ ਦੇ ਦਰਬਾਰ ਨੂੰ ਸਜਾਇਆ ਗਿਆ ਹੈ ਤੇ ਮਾਂ ਚਿੰਤਪੁਰਨੀ ਦਾ ਸੁੰਦਰ ਤੇ ਆਕਰਸ਼ਕ ਸ਼ਿੰਗਾਰ ਕੀਤਾ ਗਿਆ ਹੈ। ਇਹ ਹੀ ਨਹੀਂ ਮੰਦਿਰ ਵਿੱਚ 15 ਅਗਸਤ ਨੂੰ ਲੈ ਕੇ ਤਿਰੰਗੇ ਦੇ ਰੰਗਾਂ ਦੀ ਮਨਮੋਹਕ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਮੰਦਿਰ ਦੇ ਆਸਪਾਸ ਤੇ ਦੂਰ-ਦੂਰ ਤੱਕ ਪ੍ਰਸ਼ਾਦ ਤੇ ਹੋਰ ਸਜੀਆਂ ਹੋਈਆਂ ਦੁਕਾਨਾਂ ਦੀ ਰੌਣਕ ਮਨ ਨੂੰ ਭਾ ਰਹੀ ਹੈ। ਮੰਦਿਰ ਵਿੱਚ ਮਾਂ ਦੇ ਜੈਕਾਰਿਆਂ ਦੀ ਗੂੰਜ ਸੁਣਾਈ ਦੇ ਰਹੀ ਤੇ ਮੰਦਿਰ ਤੇ ਦੂਰ-ਦੂਰ ਤੱਕ ਸ਼ਰਧਾਲੂਆਂ ਦਾ ਸੈਲਾਬ ਉਮੜ ਆਇਆ ਹੈ।