ਕਾਂਗਰਸੀ ਵਰਕਰਾਂ ਦਾ ਜਥਾ ਹੋਇਆ ਰਵਾਨਾ ਸ. ਪਰਗਟ ਸਿੰਘ ਦੇ ਪੰਜਾਬ ਪ੍ਰਧਾਨ ਵਜੋਂ ਤਾਜਪੋਸ਼ੀ ਸਮਾਗਮ ‘ਚ ਸ਼ਾਮਲ ਹੋਣ ਕਾਂਗਰਸੀ ਵਰਕਰਾਂ ਦਾ ਜੱਥਾ ਹੋਇਆ ਰਵਾਨਾ
Publish Date: Sun, 11 Oct 2026 07:20 PM (IST)
Updated Date: Sun, 11 Oct 2026 07:20 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਜ਼ਿਲ੍ਹਾ ਕਪੂਰਥਲਾ ਕਾਂਗਰਸ ਦੇ ਪ੍ਰਧਾਨ ਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਇੱਕ ਵੱਡਾ ਜਥਾ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਾਂਗਰਸ ਭਵਨ ਚੰਡੀਗੜ੍ਹ ਲਈ ਅੱਜ ਸਵੇਰੇ ਫਗਵਾੜਾ ਤੋਂ ਰਵਾਨਾ ਹੋਇਆ। ਇਸ ਜਥੇ ਵਿੱਚ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ, ਦਿਹਾਤੀ ਪ੍ਰਧਾਨ ਵਿੱਕੀ ਰਾਣੀਪੁਰ ਸਮੇਤ ਕਾਂਗਰਸ ਦੇ ਵੱਖ-ਵੱਖ ਸੈੱਲਾਂ ਦੇ ਅਹੁਦੇਦਾਰਾਂ ਤੇ ਵਰਕਰਾਂ ਤੋਂ ਇਲਾਵਾ ਸਰਪੰਚਾਂ ਤੇ ਕੌਂਸਲਰਾਂ ਨੇ ਵੀ ਸ਼ਮੂਲੀਅਤ ਕੀਤੀ। ਰਵਾਨਗੀ ਤੋਂ ਪਹਿਲਾਂ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਦੀ ਇਕਜੁੱਟਤਾ ਤੇ ਆਪਸੀ ਤਾਲਮੇਲ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਪੰਜਾਬ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਹੇਠ ਸਾਰੇ ਆਗੂ ਤੇ ਵਰਕਰ ਨਵੇਂ ਜੋਸ਼ ਦੇ ਨਾਲ ਜਨਤਾ ਦੀਆਂ ਸਮੱਸਿਆਵਾਂ ਨੂੰ ਉਠਾਉਣ ਤੇ ਲੋਕਾਂ ਦੀ ਆਵਾਜ਼ ਬਣਨ ਲਈ ਕੰਮ ਕਰਨਗੇ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਕਾਂਗਰਸ ਪਾਰਟੀ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਪੂਰੇ ਉਤਸ਼ਾਹ ਤੇ ਤਿਆਰੀ ਦੇ ਨਾਲ ਉਤਰੇਗੀ ਤੇ ਸ਼ਾਨਦਾਰ ਜਿੱਤ ਹਾਸਲ ਕਰਕੇ ਮੁੜ ਪੰਜਾਬ ਦੀ ਸੱਤਾ ਵਿੱਚ ਵਾਪਸੀ ਕਰੇਗੀ। ਬਲਾਕ ਫਗਵਾੜਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਪਰਗਟ ਸਿੰਘ ਦੀ ਤਾਜਪੋਸ਼ੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਾਂਗਰਸੀ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਰੇ ਵਰਗਾਂ ਦੇ ਆਗੂਆਂ ਤੇ ਵਰਕਰਾਂ ਦੀ ਭਾਗੀਦਾਰੀ ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਹੋਵੇਗੀ। ਇਸੇ ਤਰ੍ਹਾਂ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਵਿੱਕੀ ਰਾਣੀਪੁਰ ਨੇ ਕਿਹਾ ਕਿ ਪਾਰਟੀ ਦੀ ਤਾਕਤ ਉਸ ਦੇ ਮਿਹਨਤੀ ਵਰਕਰ ਹਨ। ਉਨ੍ਹਾਂ ਅਨੁਸਾਰ ਅਗਲੇ ਵਿਧਾਨਸਭਾ ਚੋਣਾਂ ਦੌਰਾਨ ਫਗਵਾੜਾ ਵਿਧਾਨਸਭਾ ਸੀਟ ਇੱਕ ਵਾਰ ਫਿਰ ਭਾਰੀ ਲੀਡ ਨਾਲ ਜਿੱਤ ਕੇ ਪੰਜਾਬ ਪ੍ਰਧਾਨ ਪਰਗਟ ਸਿੰਘ ਦੀ ਝੋਲੀ ਵਿੱਚ ਪਾਈ ਜਾਵੇਗੀ। ਇਸ ਜਥੇ ਵਿੱਚ ਮਹਿਲਾ ਕਾਂਗਰਸ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਰਾਣੀ, ਯੂਥ ਕਾਂਗਰਸ, ਐੱਸਸੀ ਸੈੱਲ, ਓਬੀਸੀ ਸੈੱਲ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਸਰਪੰਚਾਂ, ਕੌਂਸਲਰਾਂ ਤੇ ਹੋਰ ਪਾਰਟੀ ਅਹੁਦੇਦਾਰ ਵੀ ਵੱਡੀ ਗਿਣਤੀ ‘ਚ ਸ਼ਾਮਲ ਸਨ।