ਸਥਾਪਨਾ ਦਿਵਸ ’ਤੇ ਸਾਇੰਸ ਸਿਟੀ ਨੇ ਲਗਾਇਆ ਖੂਨਦਾਨ ਕੈਂਪ 29ਵੇਂ ਸਥਾਪਨਾ ਦਿਵਸ ਤੇ ਸਾਇੰਸ ਸਿਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ
Publish Date: Sat, 17 Oct 2026 06:59 PM (IST)
Updated Date: Sat, 17 Oct 2026 07:00 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਅਪਣੇ 29ਵੇਂ ਸਥਾਪਨਾ ਦਿਵਸ ’ਤੇ ਇਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦੇਸ਼ ਆਪਣੀ ਇੱਛਾ ਨਾਲ ਖੂਨਦਾਨ ਕਰਨ ਲਈ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਮਨੁੱਖੀ ਜਾਨਾਂ ਦੇ ਬਚਾਅ ’ਚ ਖੂਨਦਾਨ ਦੀ ਮਹੱਹਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਸਟਾਫ਼ ਮੈਂਬਰਾ ਸਮੇਤ 50 ਤੋਂ ਵੱਧ ਵਿਅਕਤੀਆਂ ਨੇ ਖੂਨਦਾਨ ਕਰਕੇ ਇਸ ਨੇਕ ਕੰਮ ਵਿੱਚ ਆਪਣਾ ਯੋਗਦਾਨ ਪਾਇਆ। ਇਸ ਕੈਂਪ ਦਾ ਉਦਘਾਟਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਵਿੱਚ ਖੂਨਦਾਨ ਇਕ ਮਹਾਦਾਨ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਦਿੱਤਾ ਗਿਆ ਖੂਨ ਹਾਦਸੇ ਦੇ ਸ਼ਿਕਾਰ ਲੋਕਾਂ, ਇਲਾਜ ਦੌਰਾਨ ਆਪ੍ਰੇਸ਼ਨ ਕਰਵਾਉਣ ਵਾਲਿਆ ਤੇ ਬੱਚੇ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਇਕ ਵਰਦਾਨ ਸਾਬਤ ਹੁੰਦਾ ਹੈ। ਇਸ ਮੌਕੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਸਾਇੰਸ ਸਿਟੀ ਦੇ ਡਿਪਟੀ ਡਾਇਰੈਕਟਰ ਡਾ. ਮੋਨੀਸ਼ ਸੋਇਨ ਨੇ ਲਗਾਤਾਰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਸਿਹਤਮੰਦ ਜੀਵਨਸ਼ੈਲੀ ਨੂੰ ਆਪਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੂਨਦਾਨ ਸਮਾਜ ਵਾਸਤੇ ਅਹਿਮ ਹੈ ਤੁਹਾਡੇ ਵੱਲੋਂ ਦਿੱਤਾ ਗਿਆ ਖੂਨ ਲੋੜਵੰਦਾਂ ਦੀਆਂ ਜਾਨਾਂ ਬਚਾਉਣ ਲਈ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਇਹ ਕੈਂਪ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾਂ ਤੇ ਮੈਡੀਕਲ ਮਾਹਿਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ।