ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਕੀਤਾ ਸੁੰਦਰ ਵਰਣਨ ਸ੍ਰੀ ਕ੍ਰਿਸ਼ਨ ਕਥਾ ਦੇ ਤੀਜੇ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਸੁੰਦਰ ਵਰਣਨ
Publish Date: Fri, 02 Oct 2026 07:05 PM (IST)
Updated Date: Fri, 02 Oct 2026 07:07 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਵੱਲੋਂ 29 ਸਤੰਬਰ ਤੋਂ 3 ਅਕਤੂਬਰ ਤੱਕ ਕਰਵਾਈ ਜਾ ਰਹੀ ਪੰਜ ਰੋਜ਼ਾ ਸ੍ਰੀ ਕ੍ਰਿਸ਼ਨ ਕਥਾ ਦੇ ਤੀਜੇ ਦਿਨ ਸਾਧਵੀ ਸੁਸ਼੍ਰੀ ਸੌਮਿਆ ਭਾਰਤੀ ਜੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ ਦਾ ਭਾਵਪੂਰਨ ਤੇ ਆਧਿਆਤਮਕ ਵਰਣਨ ਕੀਤਾ। ਸਾਧਵੀ ਜੀ ਨੇ ਕਿਹਾ ਕਿ ਪ੍ਰਭੂ ਦਾ ਜਨਮ ਤੇ ਕਰਮ ਦੋਵੇਂ ਦਿਵਯ ਹੁੰਦੇ ਹਨ ਤੇ ਸਾਧਾਰਣ ਬੁੱਧੀ ਨਾਲ ਪ੍ਰਭੂ ਦੀਆਂ ਲੀਲਾਵਾਂ ਨੂੰ ਸਮਝਣਾ ਸੰਭਵ ਨਹੀਂ। ਭਗਵਾਨ ਸ੍ਰੀ ਕ੍ਰਿਸ਼ਨ ਦੀ ਮੱਖਣ ਚੋਰੀ ਦੀ ਲੀਲਾ ਦਾ ਆਧਿਆਤਮਕ ਰਹੱਸ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਮੱਖਣ ਦੁੱਧ ਦਾ ਸਾਰ ਹੁੰਦਾ ਹੈ ਤੇ ਇਸੇ ਤਰ੍ਹਾਂ ਮਨੁੱਖੀ ਜੀਵਨ ਦਾ ਅਸਲ ਸਾਰ ਵੀ ਪਰਮਾਤਮਾ ਹੈ। ਮਟਕੀ ਤੋੜਨ ਦੀ ਲੀਲਾ ਮਨੁੱਖ ਦੇ ਅੰਦਰਲੇ ਅਹੰਕਾਰ ਨੂੰ ਤੋੜਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਗੋਪਾਲ ਵੀ ਕਿਹਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਲੀਲਾਵਾਂ ਵਿੱਚ ਗਊ ਮਾਤਾ ਪ੍ਰਤੀ ਵਿਸ਼ੇਸ਼ ਸਨਮਾਨ ਦਾ ਸੰਦੇਸ਼ ਮਿਲਦਾ ਹੈ। ਉਨ੍ਹਾਂ ਨੇ ਗੋਵੰਸ਼ ਦੀ ਰੱਖਿਆ ਤੇ ਸੰਵਰਧਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣੀ ਸੰਸਕ੍ਰਿਤੀ ਤੇ ਪਰੰਪਰਾਵਾਂ ਦੀ ਰੱਖਿਆ ਲਈ ਗੋਵੰਸ਼ ਪ੍ਰਤੀ ਸਨਮਾਨ ਤੇ ਸੰਰੱਖਣ ਦੀ ਭਾਵਨਾ ਨੂੰ ਜਾਗ੍ਰਿਤ ਕਰਨਾ ਜ਼ਰੂਰੀ ਹੈ। ਸਾਧਵੀ ਜੀ ਨੇ ਕਿਹਾ ਕਿ ਈਸ਼ਵਰ ਕੇਵਲ ਮੰਨਣ ਦਾ ਨਹੀਂ, ਸਗੋਂ ਜਾਣਨ ਦਾ ਵਿਸ਼ਾ ਹੈ। ਈਸ਼ਵਰ ਨੂੰ ਜਾਣੇ ਬਿਨਾਂ ਅਸਲ ਭਗਤੀ ਦੀ ਸ਼ੁਰੂਆਤ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੂਰਨ ਗੁਰੂ ਦੀ ਸ਼ਰਨ ਵਿੱਚ ਜਾ ਕੇ ਬ੍ਰਹਮਗਿਆਨ ਪ੍ਰਾਪਤ ਕਰਨਾ ਮਨੁੱਖੀ ਜੀਵਨ ਦਾ ਪਰਮ ਉਦੇਸ਼ ਹੈ। ਕਥਾ ਦੌਰਾਨ ਸੁਰੀਲੇ ਭਜਨਾਂ ਦਾ ਗਾਇਨ ਵੀ ਕੀਤਾ ਗਿਆ, ਜਿਨ੍ਹਾਂ ਨਾਲ ਹਾਜ਼ਰ ਸੰਗਤ ਭਾਵ-ਵਿਭੋਰ ਹੋ ਗਈ। ਕਥਾ ਦਾ ਸਮਾਪਨ ਪ੍ਰਭੂ ਦੀ ਪਾਵਨ ਆਰਤੀ ਨਾਲ ਹੋਇਆ। ਇਸ ਮੌਕੇ ਐੱਮਪੀ ਡਾ. ਰਾਜਕੁਮਾਰ ਚੱਬੇਵਾਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸੁਦੇਸ਼ ਕਲੁਚਾ ਤੇ ਮਨੀਸ਼ ਗੁਪਤਾ ਸਮੇਤ ਹੋਰ ਪਤਵੰਤੇ ਤੇ ਸੰਗਤ ਹਾਜ਼ਰ ਸੀ।