ਰੇਲ ਕੋਚ ਫੈਕਟਰੀ ਕਪੂਰਥਲਾ ਨੇ ਮਨਾਇਆ ਆਜ਼ਾਦੀ ਦਿਵਸ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਦੇਸ਼ ਭਗਤੀ ਦੇ ਜਜ਼ਬੇ ਨਾਲ 80ਵਾਂ ਆਜ਼ਾਦੀ ਦਿਵਸ ਮਨਾਇਆ
Publish Date: Sun, 16 Aug 2026 08:43 PM (IST)
Updated Date: Sun, 16 Aug 2026 08:44 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿਖੇ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਵਿੱਚ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਆਰਸੀਐੱਫ ਦੇ ਜਨਰਲ ਮੈਨੇਜਰ ਅਜੈ ਨੰਦਨ ਨੇ ਰਾਸ਼ਟਰੀ ਝੰਡਾ ਲਹਿਰਾਇਆ, ਜਿਸ ਉਪਰੰਤ ਰਾਸ਼ਟਰੀ ਗੀਤ ਤੇ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। ਇਸ ਮੌਕੇ ਰੇਲਵੇ ਸੁਰੱਖਿਆ ਬਲ, ਸੇਂਟ ਜੌਨ ਐਂਬੂਲੈਂਸ ਬ੍ਰਿਗੇਡ, ਐੱਨਸੀਸੀ ਤੇ ਭਾਰਤ ਸਕਾਊਟਸ ਐਂਡ ਗਾਈਡਜ਼ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਅਜੈਨੰਦਨ ਨੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸਾਰਿਆਂ ਨੂੰ ਏਕਤਾ, ਅਖੰਡਤਾ, ਅਨੁਸ਼ਾਸਨ ਤੇ ਸਮਰਪਣ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਤਕਨੀਕੀ ਤਰੱਕੀ, ਗੁਣਵੱਤਾ ਵਾਲੇ ਕੋਚ ਨਿਰਮਾਣ ਤੇ ਨਵੀਨਤਾ ਦੇ ਖੇਤਰ ਵਿੱਚ ਆਰਸੀਐੱਫ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਾਲ 2025-26 ਦੌਰਾਨ ਆਰਸੀਐੱਫ ਵੱਲੋਂ ਕੀਤੇ ਗਏ ਰਿਕਾਰਡ ਕੋਚ ਉਤਪਾਦਨ, ਅਪਡੇਟਿਡ ਵੰਦੇ ਭਾਰਤ ਟ੍ਰੇਨ ਸੈੱਟ ਤੇ ਬੰਗਲਾਦੇਸ਼ ਰੇਲਵੇ ਲਈ ਤਿਆਰ ਕੀਤੇ ਗਏ ਕੋਚਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਨੇ ਊਰਜਾ ਸੰਭਾਲ, ਕਰਮਚਾਰੀ ਭਲਾਈ, ਖੇਡਾਂ ਤੇ ਹੋਰ ਖੇਤਰਾਂ ਵਿੱਚ ਆਰਸੀਐੱਫ ਦੀਆਂ ਉਪਲਬਧੀਆਂ ਦੀ ਵੀ ਸ਼ਲਾਘਾ ਕੀਤੀ। ਸਮਾਗਮ ਵਿੱਚ ਆਰਸੀਐੱਫ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਨਵਿਤਾ ਨੰਦਨ, ਪ੍ਰਮੁੱਖ ਵਿਭਾਗ ਮੁਖੀ, ਸੀਨੀਅਰ ਅਧਿਕਾਰੀ, ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਭਾਰੀ ਗਿਣਤੀ ਵਿਚ ਬੱਚੇ ਹਾਜ਼ਰ ਸਨ। ਸਕੂਲੀ ਵਿਦਿਆਰਥੀਆਂ ਤੇ ਕਰਮਚਾਰੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਦੀ ਰੌਣਕ ਹੋਰ ਵਧਾ ਦਿੱਤੀ। ਇਸ ਮੌਕੇ ਨਵਿਤਾ ਨੰਦਨ ਤੇ ਉਨ੍ਹਾਂ ਦੀ ਟੀਮ ਨੇ ਹਸਪਤਾਲ ਦਾ ਦੌਰਾ ਕੀਤਾ, ਹਸਪਤਾਲ ਨੂੰ ਵ੍ਹੀਲ ਚੇਅਰਾਂ ਤੇ ਹੋਰ ਲਾਭਦਾਇਕ ਸਮੱਗਰੀ ਭੇਟ ਕੀਤੀ ਤੇ ਮਰੀਜ਼ਾਂ ਨੂੰ ਗਿਫ਼੍ਟ/ਮਠਿਆਈਆਂ ਵੰਡੀਆਂ। ਸ਼ਾਮ ਨੂੰ ਆਰਸੀਐੱਫ ਕੰਪਲੈਕਸ ਨੂੰ ਸੁੰਦਰ ਰੌਸ਼ਨੀ ਨਾਲ ਸਜਾਇਆ ਗਿਆ।