ਏਐੱਸਡੀਡੀ ਸ਼੍ਰੇਣੀ ਤਹਿਤ 79,287 ਵੋਟਰਾਂ ਦੀ ਹੋਈ ਪਛਾਣ ਏਐਸਡੀਡੀ ਸ਼੍ਰੇਣੀ ਤਹਿਤ 79,287 ਵੋਟਰਾਂ ਦੀ ਪਛਾਣ, ਵੋਟਰਾਂ ਨੂੰ ਆਪਣਾ ਸਟੇਟਸ Kapurthala.gov.in ’ਤੇ ਚੈੱਕ ਕਰਨ ਦੀ ਅਪੀਲ
Publish Date: Fri, 31 Jul 2026 09:13 PM (IST)
Updated Date: Fri, 31 Jul 2026 09:16 PM (IST)
ਵੋਟਰਾਂ ਨੂੰ ਆਪਣਾ ਸਟੇਟਸ Kapurthala.gov.in ’ਤੇ ਚੈੱਕ ਕਰਨ ਦੀ ਅਪੀਲ ਡ੍ਰਾਫ਼ਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ ਨੂੰ ਅੰਤਿਮ ਸੂਚੀ 12 ਅਕਤੂਬਰ ਨੂੰ ਕੀਤੀ ਜਾਵੇਗੀ ਪ੍ਰਕਾਸ਼ਿਤ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 13 ਅਗਸਤ ਨੂੰ ਹੋਣ ਵਾਲੀ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਅੱਜ ਦੱਸਿਆ ਕਿ ਗੈਰ-ਹਾਜ਼ਰ, ਤਬਦੀਲ, ਮ੍ਰਿਤਕ ਅਤੇ ਦੋਹਰੀ ਵੋਟ (ਏਐੱਸਡੀਡੀ) ਸ਼੍ਰੇਣੀ ਤਹਿਤ 79,287 ਵੋਟਰਾਂ ਦੀ ਪਛਾਣ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੇਰਵਿਆਂ ਦੀ ਤਸਦੀਕ ਕਰਵਾਉਣ ਅਤੇ ਜੇਕਰ ਕਿਸੇ ਵੀ ਤਰ੍ਹਾਂ ਕੋਈ ਖਾਸੀ ਹੈ ਤਾਂ ਸਮੇਂ ਸਿਰ ਦਰੁਸਤ ਕਰਵਾ ਲਈ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸਆਈਆਰ)-2026 ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਅਤੇ 535694 ਵੋਟਰਾਂ ਦੇ ਇਨੂਮੀਰੇਸ਼ਨ ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਏਐੱਸਡੀਡੀ (ਏਐੱਸਡੀਜੀ) ਵੋਟਰਾਂ ਦੀ ਸੂਚੀ ਤਸਦੀਕ ਲਈ ਜ਼ਿਲ੍ਹੇ ਦੀ ਅਧਿਕਾਰਤ ਵੈੱਬਸਾਈਟ (kapurthala.gov.in) ’ਤੇ ਅਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਦੀ ਵੈੱਬਸਾਈਟ ’ਤੇ ਉਪਲਬਧ ਏਐੱਸਡੀਡੀ ਸੂਚੀ ਵਿੱਚ ਆਪਣੇ ਨਾਮ ਨੂੰ ਜ਼ਰੂਰ ਚੈੱਕ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਨੂੰ ਪਤਾ ਲੱਗਦਾ ਹੈ ਕਿ ਉਸਨੂੰ ਗੈਰ-ਹਾਜ਼ਰ, ਤਬਦੀਲ ਹੋ ਚੁੱਕੇ, ਮ੍ਰਿਤਕ ਜਾਂ ਦੋਹਰੀ ਵੋਟ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਤਾਂ ਤਸਦੀਕ ਅਤੇ ਜ਼ਰੂਰੀ ਸੋਧ ਲਈ ਤੁਰੰਤ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਜਾਂ ਚੋਣ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓ.) ਨਾਲ ਸੰਪਰਕ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚੋਂ ਯੋਗ ਵੋਟਰਾਂ ਦੇ ਨਾਂ ਹਟਾਏ ਜਾਣ ਤੋਂ ਰੋਕਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਹਰ ਯੋਗ ਨਾਗਰਿਕ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਸਕੇ, ਵੋਟਰਾਂ ਵੱਲੋਂ ਸਮੇਂ ਸਿਰ ਤਸਦੀਕ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਡ੍ਰਾਫਟ ਵੋਟਰ ਸੂਚੀ ਦੀ ਪ੍ਰਕਾਸ਼ਨਾ 13 ਅਗਸਤ ਨੂੰ ਹੋਵੇਗੀ ਅਤੇ ਜਿਨ੍ਹਾਂ ਵੋਟਰਾਂ ਦੇ ਨਾਮ ਇਸ ਡ੍ਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਹੋਣਗੇ, ਉਨ੍ਹਾਂ ਨੂੰ ਕੋਈ ਵੀ ਸਹਾਇਕ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਿਰਫ਼ ਉਨ੍ਹਾਂ ਵੋਟਰਾਂ ਨੂੰ ਹੀ, ਜਿਨ੍ਹਾਂ ਦੇ ਨਾਂ ਡ੍ਰਾਫ਼ਟ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹੋਣਗੇ, ਨੂੰ ਵੋਟਰ ਸੂਚੀ ਵਿੱਚ ਨਾਂ ਦਰਜ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ (ਈ.ਸੀ.ਆਈ) ਵੱਲੋਂ ਨਿਰਧਾਰਤ 11 ਦਸਤਾਵੇਜ਼ਾਂ ਵਿੱਚੋਂ ਕੋਈ ਵੀ ਦਸਤਾਵੇਜ਼ ਜਮ੍ਹਾ ਕਰਵਾਉਣਾ ਪਵੇਗਾ। ਉਨ੍ਹਾਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਦਸਤਾਵੇਜ਼ ਜਮ੍ਹਾ ਕਰਵਾਉਣ ਸਬੰਧੀ ਅਫਵਾਹਾਂ ਜਾਂ ਗਲਤ ਜਾਣਕਾਰੀ ਵੱਲ ਧਿਆਨ ਨਾ ਦੇਣ ਅਤੇ ਸਿਰਫ਼ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਤੇ ਹੀ ਭਰੋਸਾ ਕਰਨ । ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਦਾਖ਼ਲ ਕਰਨ ਦੀ ਮਿਆਦ 13 ਅਗਸਤ ਤੋਂ 12 ਸਤੰਬਰ, 2026 ਤੱਕ ਹੈ। ਇਸ ਮਿਆਦ ਦੌਰਾਨ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਆਪਣੇ ਨਾਮ ਸ਼ਾਮਲ ਕਰਵਾਉਣ ਲਈ ਫਾਰਮ-6, ਨਾਮ ਹਟਾਉਣ ਲਈ ਫਾਰਮ-7 ਅਤੇ ਮੌਜੂਦਾ ਵੋਟਰ ਵੇਰਵਿਆਂ ਵਿੱਚ ਸੋਧ ਜਾਂ ਅਪਡੇਟ ਕਰਨ ਲਈ ਫਾਰਮ-8 ਜਮ੍ਹਾ ਕਰਵਾ ਸਕਦੇ ਹਨ। ਲੋੜੀਂਦੀ ਕਾਰਵਾਈ ਲਈ ਸਹੀ ਢੰਗ ਨਾਲ ਭਰੇ ਗਏ ਫਾਰਮ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਕੋਲ ਜਮ੍ਹਾ ਕਰਵਾਏ ਜਾ ਸਕਦੇ ਹਨ। ਨੋਟਿਸ ਪੜਾਅ ਜਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ ਤੱਕ ਹੋਵੇਗਾ। ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਤੋਂ ਬਾਅਦ ਅੰਤਿਮ ਵੋਟਰ ਸੂਚੀ 12 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।