ਗੋਪਾਲ ਗੋਧਾਮ ਮਹਾਂ ਤੀਰਥ ਵਿਖੇ ਨਤਮਸਤਕ ਹੋਏ ਰਾਣਾ ਧੜੇ ਦੇ 7 ਜੇਤੂ ਕੌਂਸਲਰ
ਗੋਪਾਲ ਗੋਧਾਮ ਮਹਾਂ ਤੀਰਥ ਵਿਖੇ ਨਤਮਸਤਕ ਹੋਏ ਰਾਣਾ ਧੜੇ ਦੇ 7 ਜੇਤੂ ਕੌਂਸਲਰ
Publish Date: Sun, 31 May 2026 08:09 PM (IST)
Updated Date: Sun, 31 May 2026 08:11 PM (IST)

ਸ਼ਹਿਰ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰਨਗੇ ਕੌਂਸਲਰ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਧੜੇ ਦੇ 7 ਜੇਤੂ ਕੌਂਸਲਰਾਂ ਨੇ ਗੋਪਾਲ ਗੋਧਾਮ ਮਹਾਂ ਤੀਰਥ (ਗਊਸ਼ਾਲਾ) ਵਿਖੇ ਮੱਥਾ ਟੇਕ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਅਦਾ ਕੀਤਾ। ਇਸ ਮੌਕੇ ਉਨ੍ਹਾਂ ਨੇ ਚੋਣਾਂ ਦੌਰਾਨ ਮਿਲੇ ਭਰਵੇਂ ਲੋਕ ਸਮਰਥਨ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਸਪੱਸ਼ਟ ਕੀਤਾ ਕਿ ਉਹ ਸਾਰੇ ਇਕਜੁੱਟ ਹਨ ਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਜੇਤੂ ਉਮੀਦਵਾਰਾਂ ਨੇ ਆਪਣੇ ਖਿਲਾਫ ਤੇ ਧੜੇ ਦੀ ਏਕਤਾ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਨੂੰ ਨਿਰਾਧਾਰ ਕਰਾਰ ਦਿੰਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠਾ ਪ੍ਰਚਾਰ ਕਰ ਰਹੇ ਹਨ, ਪਰ ਅਜਿਹੀਆਂ ਕੋਸ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਲੋਕਾਂ ਨੇ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਜਿਤਾਇਆ ਹੈ, ਉਹ ਉਸ ਭਰੋਸੇ ਨੂੰ ਕਾਇਮ ਰੱਖਣ ਲਈ ਦਿਨ-ਰਾਤ ਮਿਹਨਤ ਕਰਨਗੇ। ਸਾਬਕਾ ਚੇਅਰਮੈਨ ਤੇਜਵੰਤ ਸਿੰਘ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸਮੂਹ ਸ਼ਹਿਰ ਵਾਸੀਆਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਚੋਣਾਂ ਲੜੀਆਂ ਗਈਆਂ ਤੇ ਲੋਕਾਂ ਨੇ ਵਿਕਾਸ ਦੇ ਮੁੱਦੇ ਤੇ ਮੋਹਰ ਲਗਾਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਿੱਤ ਤੋਂ ਬਾਅਦ ਧੜੇ ਵਿਚ ਫੁੱਟ ਦੀਆਂ ਗੱਲਾਂ ਕਰ ਰਹੇ ਹਨ, ਜੋ ਪੂਰੀ ਤਰ੍ਹਾਂ ਬੇਬੁਨਿਆਦ ਹਨ। ਅਸੀਂ ਸਾਰੇ ਵਿਧਾਇਕ ਰਾਣਾ ਸਾਹਿਬ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਤੇ ਅੱਗੇ ਵੀ ਰਹਾਂਗੇ। ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਨੇ ਜਿਸ ਉਮੀਦ ਨਾਲ ਸਾਨੂੰ ਆਪਣੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਪੂਰਾ ਕਰਨਾ ਸਾਡਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਖਤਮ ਹੋ ਚੁੱਕਾ ਹੈ ਤੇ ਵਿਕਾਸ ਦੇ ਨਵੇਂ ਦੌਰ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। ਇਸ ਦੌਰਾਨ ਗਊਸ਼ਾਲਾ ਦੇ ਚੇਅਰਮੈਨ ਅਨਿਲ ਭੋਲਾ, ਸੈਕਟਰੀ ਦੀਨ ਦਿਆਲ, ਉਪ ਪ੍ਰਧਾਨ ਕਮਲ ਕਿਸ਼ੋਰ ਚਾਵਲਾ ਅਤੇ ਰੰਚਿਤ ਕੋਛੜ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਗਊਸ਼ਾਲਾ ਪੁੱਜਣ ’ਤੇ ਉਨ੍ਹਾਂ ਸਮੂਹ ਜੇਤੂ ਕੌਂਸਲਰਾਂ ਦਾ ਸਵਾਗਤ ਕੀਤਾ। ਇਸ ਦੌਰਾਨ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਜੇਤੂ ਕੌਂਸਲਰਾਂ ਦੇ ਧਿਆਨ ਵਿਚ ਗਊਸ਼ਾਲਾ ਦੇ ਨੇੜੇ ਲੱਗੇ ਕੂੜੇ ਦੇ ਡੰਪ ਦੀ ਸਮੱਸਿਆ ਵੀ ਧਿਆਨ ਵਿਚ ਲਿਆਂਦੀ। ਉਨ੍ਹਾਂ ਕਿਹਾ ਕਿ ਇਸ ਡੰਪ ਕਾਰਨ ਗਊਸ਼ਾਲਾ ਦੇ ਵਾਤਾਵਰਣ ਤੇ ਆਲੇ-ਦੁਆਲੇ ਦੇ ਇਲਾਕੇ ਵਿਚ ਗੰਭੀਰ ਪ੍ਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ। ਕਮੇਟੀ ਨੇ ਨਵੇਂ ਚੁਣੇ ਗਏ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਗਊਆਂ ਦੀ ਸਿਹਤ ਤੇ ਪਵਿੱਤਰ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਧਿਆਨ ਵਿਚ ਰੱਖਦਿਆਂ ਇਸ ਕੂੜੇ ਦੇ ਡੰਪ ਨੂੰ ਪਹਿਲ ਦੇ ਆਧਾਰ ਤੇ ਹਟਵਾਉਣ ਲਈ ਯਤਨ ਕੀਤੇ ਜਾਣ। ਇਸ ਮੌਕੇ ਜੇਤੂ ਕੌਂਸਲਰਾਂ ਨੇ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਪਵਨ ਕਨੌਜੀਆ, ਅਮਰਜੀਤ ਕੌਰ ਚੀਮਾ, ਕੌਂਸਲਰ ਸੰਦੀਪ ਕੌਰ ਚੀਮਾ, ਰਵੀ ਕਾਂਤਾ ਚੌਹਾਨ, ਗੁਰਜੀਤ ਕੌਰ, ਸਿਮਰਪ੍ਰੀਤ ਕੌਰ, ਕਸ਼ਮੀਰ ਸਿੰਘ, ਕੌਂਸਲਰ ਸੰਤਪ੍ਰੀਤ ਸਿੰਘ, ਕਰਨ ਚੌਹਾਨ, ਸੋਨੂ ਕਨੋਜੀਆ, ਰਿਟਾ. ਐੱਸਡੀਓ ਰਕੇਸ਼ ਛੁਰਾ ਆਦਿ ਮੌਜੂਦ ਸਨ।