ਪਿੰਡ ਬੂਲਪੁਰ ’ਚ ਖੁੱਲ੍ਹੀ 6ਵੀਂ ਡਾ. ਅੰਬੇਡਕਰ ਲਾਇਬ੍ਰੇਰੀ ਪਿੰਡ ਬੂਲਪੁਰ ਵਿਖੇ 6ਵੀਂ ‘ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ’ ਦੀ ਹੋਈ ਸਥਾਪਨਾ; 14 ਲਾਇਬ੍ਰੇਰੀਆਂ ਖੋਲ੍ਹਣ ਦਾ ਟੀਚਾ
Publish Date: Sun, 20 Sep 2026 08:21 PM (IST)
Updated Date: Sun, 20 Sep 2026 08:23 PM (IST)
14 ਲਾਇਬ੍ਰੇਰੀਆਂ ਖੋਲ੍ਹਣ ਦਾ ਟੀਚਾ ਸੁੱਖੀ ਟਿੱਬਾ ਪੰਜਾਬੀ ਜਾਗਰਣ ਹੁਸੈਨਪੁਰ : ਭਾਰਤੀ ਸਮਾਜ ਨਿਰਮਾਣ ਸੰਗਠਨ ਤੇ ਐੱਸਸੀ/ਐੱਸਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਵਿੱਢੀ ਗਈ ਵਿਸ਼ੇਸ਼ ਵਿਦਿਅਕ ਮੁਹਿੰਮ ਤਹਿਤ ਪਿੰਡ ਬੂਲਪੁਰ (ਕਪੂਰਥਲਾ) ਵਿਖੇ 6ਵੀਂ ‘ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਲਾਇਬ੍ਰੇਰੀ’ ਦੀ ਸਥਾਪਨਾ ਬੜੇ ਉਤਸ਼ਾਹ ਨਾਲ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤੀ ਸਮਾਜ ਨਿਰਮਾਣ ਸੰਗਠਨ ਦੇ ਕੌਮੀ ਮੁਖੀ ਤੇ ਰੇਲਵੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀਨੀਅਰ ਜੀਤ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਲਾਇਬ੍ਰੇਰੀ ਦਾ ਰਸਮੀ ਉਦਘਾਟਨ ਕਰਦਿਆਂ ਇਲਾਕੇ ਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇੱਕ ਵੱਡਾ ਕਦਮ ਦੱਸਿਆ। ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਇੰਜੀਨੀਅਰ ਜੀਤ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਜੀ ਦੇ ਪੜ੍ਹੋ, ਜੁੜੋ ਤੇ ਸੰਘਰਸ਼ ਕਰੋ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਪੂਰੇ ਇਲਾਕੇ ਵਿੱਚ ਕੁੱਲ 14 ਲਾਇਬ੍ਰੇਰੀਆਂ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤਹਿਤ ਇਹ 6ਵੀਂ ਲਾਇਬ੍ਰੇਰੀ ਪਿੰਡ ਬੂਲਪੁਰ ਦੇ ਸਰਪੰਚ ਗੁਰਬਚਨ ਸਿੰਘ ਦੇ ਵਿਸ਼ੇਸ਼ ਸਹਿਯੋਗ ਅਤੇ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੁੱਲ੍ਹਣ ਨਾਲ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉੱਚੀਆਂ ਪਦਵੀਆਂ ਤੇ ਅਫਸਰਸ਼ਾਹੀ ਤੱਕ ਪਹੁੰਚਣ ਵਿੱਚ ਵੱਡੀ ਮਦਦ ਮਿਲੇਗੀ। ਇਸ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਜਨਰਲ ਗਿਆਨ, ਮੁਕਾਬਲੇ ਦੀਆਂ ਪ੍ਰੀਖਿਆਵਾਂ ਤੇ ਇਤਿਹਾਸ ਨਾਲ ਸਬੰਧਤ ਵੱਖ-ਵੱਖ ਮਿਆਰੀ ਕਿਤਾਬਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਪੜ੍ਹਾਈ ਵੱਲ ਪ੍ਰੇਰਿਤ ਹੋ ਸਕੇ। ਇਸ ਦੌਰਾਨ ਸਰਪੰਚ ਗੁਰਬਚਨ ਸਿੰਘ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਪਿੰਡ ਵਾਸੀਆਂ ਨੂੰ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ। ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੌਮੀ ਆਗੂ ਐੱਸਆਰ ਬੂਲਪੁਰ, ਇੰਜੀਨੀਅਰ ਏਐੱਸ ਸ਼ੀਤਲ, ਜਨਰਲ ਸਕੱਤਰ ਰਣਜੀਤ ਸਿੰਘ, ਸਹਿਰਾ ਸਿੰਘ, ਜਗਨ ਨਾਥ, ਪਰਮਜੀਤ ਸਿੰਘ ਮਿੰਟੂ, ਕਰਨ ਸਿੰਘ ਤੇ ਐੱਸਸੀ/ਐੱਸਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕੁਸ਼ਲ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਜਗਾ ਸਿੰਘ, ਸਤਨਾਮ ਬਠਿੰਡਾ, ਹਰਜੀਤ ਸਿੰਘ, ਅਮਨ ਸਹੋਤਾ, ਪੰਜਾਬ ਨਾਹਰ ਤੇ ਸਥਾਨਕ ਪ੍ਰਾਇਮਰੀ ਸਕੂਲ ਦੇ ਸਟਾਫ਼ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਮੌਜੂਦ ਸਨ।