ਨੰਬਰਦਾਰਾਂ ਦੇ ਹੱਕਾਂ ਲਈ 643 ਯੂਨੀਅਨ ਨੇ ਮੁੜ ਸ਼ੁਰੂ ਕੀਤੀ ਜੱਦੋਜਹਿਦ ਨੰਬਰਦਾਰਾਂ ਦੇ ਹੱਕਾਂ ਲਈ 643 ਯੂਨੀਅਨ ਨੇ ਮੁੜ ਵਿੱਢੀ ਜੱਦੋ : ਜਹਿਦ
Publish Date: Mon, 21 Sep 2026 07:52 PM (IST)
Updated Date: Mon, 21 Sep 2026 07:53 PM (IST)
--ਡੀਸੀ ਫਰੀਦਕੋਟ ਨੂੰ ਯੂਨੀਅਨ ਨੇ ਮੰਗ ਪੱਤਰ ਸੌਂਪਿਆ --5 ਅਕਤੂਬਰ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਨੰਬਰਦਾਰ ਯੂਨੀਅਨ ਰਜਿ. 643 ਵੱਲੋਂ ਨੰਬਰਦਾਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਲਈ ਮੁੜ ਜੱਦੋ-ਜਹਿਦ ਤੇਜ਼ ਕਰ ਦਿੱਤੀ ਗਈ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਆਪਣੀਆਂ ਮੰਗਾਂ ਯਾਦ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਲਗਾਤਾਰ ਸਰਕਾਰੀ ਪੱਧਰ ’ਤੇ ਪਹੁੰਚ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਨੰਬਰਦਾਰ ਯੂਨੀਅਨ 643 ਦੀ ਸੁਲਤਾਨਪੁਰ ਲੋਧੀ ਇਕਾਈ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਦੀ ਅਗਵਾਈ ਹੇਠ ਵਫ਼ਦ ਵੱਲੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੰਗ ਪੱਤਰ ਸੌਂਪਿਆ ਗਿਆ। ਵਫ਼ਦ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਨੰਬਰਦਾਰ ਪੰਜਾਬ ਦੀ ਪੁਰਾਤਨ ਪਿੰਡ ਪੱਧਰੀ ਪ੍ਰਸ਼ਾਸਨਿਕ ਵਿਵਸਥਾ ਦਾ ਅਹਿਮ ਹਿੱਸਾ ਹਨ ਤੇ ਪੀੜ੍ਹੀ ਦਰ ਪੀੜ੍ਹੀ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਨੰਬਰਦਾਰਾਂ ਦੀਆਂ ਪੁਸ਼ਤੈਨੀ ਸੇਵਾਵਾਂ ਅਤੇ ਉਨ੍ਹਾਂ ਨਾਲ ਜੁੜੇ ਹੱਕਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸਰਕਾਰਾਂ ਅੱਗੇ ਮੰਗਾਂ ਰੱਖੀਆਂ ਜਾ ਰਹੀਆਂ ਹਨ, ਪਰ ਕਈ ਮੰਗਾਂ ਅਜੇ ਵੀ ਪੂਰੀਆਂ ਨਹੀਂ ਹੋਈਆਂ। ਯੂਨੀਅਨ ਆਗੂਆਂ ਨੇ ਕਿਹਾ ਕਿ ਨੰਬਰਦਾਰਾਂ ਨੂੰ ਆਪਣੀਆਂ ਪੁਸ਼ਤੈਨੀ ਸੇਵਾਵਾਂ ਦੇ ਮੱਦੇਨਜ਼ਰ ਬਣਦਾ ਹੱਕ ਤੇ ਮਾਨ-ਸਨਮਾਨ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੌਜੂਦਾ ਮਹਿੰਗਾਈ ਦੇ ਦੌਰ ਵਿੱਚ ਨੰਬਰਦਾਰਾਂ ਨੂੰ ਮਿਲਣ ਵਾਲਾ ਮਾਣ-ਭੱਤਾ ਵੀ ਉਨ੍ਹਾਂ ਦੀਆਂ ਲੋੜਾਂ ਦੇ ਮੁਕਾਬਲੇ ਨਾਕਾਫ਼ੀ ਹੈ। ਇਸ ਲਈ ਮਾਣ-ਭੱਤੇ ਵਿੱਚ ਢੁੱਕਵਾਂ ਵਾਧਾ ਕਰਨ ਦੀ ਮੰਗ ਵੀ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਰੱਖੀ ਜਾ ਰਹੀ ਹੈ। ਵਫ਼ਦ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਭਰੋਸੇ ਦਿੱਤੇ ਗਏ ਸਨ। ਹੁਣ ਪੰਜ ਸਾਲ ਬਾਅਦ ਮੁੜ ਨੰਬਰਦਾਰ ਆਪਣੀਆਂ ਮੰਗਾਂ ਲੈ ਕੇ ਸਰਕਾਰ ਤੱਕ ਪਹੁੰਚ ਕਰ ਰਹੇ ਹਨ। ਯੂਨੀਅਨ ਵੱਲੋਂ ਮੁੱਖ ਮੰਤਰੀ ਨੂੰ ਪਹਿਲਾਂ ਕੀਤੇ ਗਏ ਵਾਅਦਿਆਂ ਦੀ ਯਾਦ ਦਿਵਾਉਂਦਿਆਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਨਾਲ ਕੀਤੇ ਵਾਅਦਿਆਂ ਨੂੰ ਹੁਣ ਅਮਲੀ ਰੂਪ ਦਿੱਤਾ ਜਾਵੇ। ਫਰੀਦਕੋਟ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਨੰਬਰਦਾਰ ਯੂਨੀਅਨ ਦੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦਿੱਤਾ ਕਿ ਨੰਬਰਦਾਰ ਯੂਨੀਅਨ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਡੀਸੀ ਵੱਲੋਂ ਭਰੋਸਾ ਦਿੱਤਾ ਗਿਆ ਕਿ 5 ਅਕਤੂਬਰ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਨੰਬਰਦਾਰ ਯੂਨੀਅਨ ਦੀ ਮੀਟਿੰਗ ਕਰਵਾਉਣ ਦੇ ਯਤਨ ਕੀਤੇ ਜਾਣਗੇ, ਜਿਸ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਨੂੰ ਸਿੱਧੇ ਤੌਰ ’ਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾ ਸਕੇਗਾ। ਇਸ ਮੌਕੇ ਸਾਹਿਬ ਸਿੰਘ ਭੁੱਲਰ, ਪ੍ਰਧਾਨ ਇਕਾਈ ਸੁਲਤਾਨਪੁਰ ਲੋਧੀ ਨੰਬਰਦਾਰ ਯੂਨੀਅਨ, ਰਸ਼ਪਾਲ ਸਿੰਘ ਕੁਲਾਰ, ਜਨਰਲ ਸਕੱਤਰ ਪੰਜਾਬ, ਅਮਰਜੀਤ ਸਿੰਘ ਨੰਬਰਦਾਰ ਫੌਜੀ ਕਲੋਨੀ, ਹਰਕਮਲ ਸਿੰਘ ਮੁੰਦ ਨਕੋਦਰ, ਸੁਰਜੀਤ ਸਿੰਘ ਹੇਅਰ ਨਕੋਦਰ ਆਦਿ ਵੀ ਹਾਜ਼ਰ ਸਨ।