ਐੱਸਆਈਆਰ ਤਹਿਤ 6 ਲੱਖ ਤੋਂ ਵੱਧ ਫਾਰਮ ਵੰਡੇ ਗਏ : ਡੀਸੀ ਵੋਟਰ ਸੂਚੀਆਂ ਦੀ ਸੁਧਾਈ ਮੁਹਿੰਮ ਤਹਿਤ 6,09,744 ਗਣਨਾ ਫਾਰਮ ਵੰਡੇ ਗਏ: ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ
Publish Date: Mon, 29 Jun 2026 09:12 PM (IST)
Updated Date: Mon, 29 Jun 2026 09:13 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਜ਼ਿਲ੍ਹੇ ਵਿਚ 25 ਜੂਨ ਤੋਂ ਵੋਟਰ ਸੂਚੀਆਂ ਦੀ ਸੁਧਾਈ (ਐੱਸਆਈਆਰ) ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨੇ ਦੱਸਿਆ ਕਿ ਬੀਐੱਲਓਜ਼ ਵੱਲੋਂ ਘਰ-ਘਰ ਜਾ ਕੇ ਦੇਰ ਸ਼ਾਮ ਤੱਕ 6,09,744 ਗਣਨਾ ਫਾਰਮ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 791 ਪੋਲਿੰਗ ਸਟੇਸ਼ਨਾਂ, ਵਾਰਡਾਂ ਤੇ ਵਿਧਾਨ ਸਭਾ ਹਲਕਿਆਂ ਵਿਚ ਕੁੱਲ 6,14,981 ਵੋਟਰਾਂ ਤੱਕ ਇਹ ਗਣਨਾ ਫਾਰਮ ਵੰਡਣ ਲਈ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਵਿਚ ਚੋਣ ਅਮਲੇ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਕੋਈ ਵੀ ਯੋਗ ਵੋਟਰ ਸੂਚੀ ਵਿਚ ਸ਼ਾਮਲ ਹੋਣ ਤੋਂ ਵਾਂਝਾ ਨਾ ਰਹਿ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਫਾਰਮ ਵੰਡਣ ਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਸਪੱਸ਼ਟ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਹਰੇਕ ਬੀਐੱਲਓ ਵੱਲੋਂ ਹਰੇਕ ਘਰ ਵਿਚ ਵੱਧ ਤੋਂ ਵੱਧ ਤਿੰਨ ਵਾਰ ਫੇਰੀ ਪਾਈ ਜਾਵੇਗੀ। ਜੇਕਰ ਕੋਈ ਘਰ ਬੰਦ ਮਿਲਦਾ ਹੈ, ਤਾਂ ਬੀਐੱਲਓ ਗਣਨਾ ਫਾਰਮ ਨੂੰ ਦਰਵਾਜ਼ੇ ਤੇ ਛੱਡ ਦਿੱਤਾ ਜਾਵੇਗਾ। ਹਰੇਕ ਵੋਟਰ ਨੂੰ ਪਹਿਲਾਂ ਤੋਂ ਛਪੇ ਹੋਏ ਫਾਰਮ ਦੀਆਂ ਦੋ ਕਾਪੀਆਂ ਮਿਲਣਗੀਆਂ, ਜਿਨ੍ਹਾਂ ਵਿਚੋਂ ਇਕ ਅਸਲ ਤੇ ਇਕ ਡੁਪਲੀਕੇਟ ਹੋਵੇਗੀ। ਵੋਟਰਾਂ ਨੂੰ ਅਸਲ ਫਾਰਮ ਭਰ ਕੇ ਬੀਐੱਲਓ ਦੀ ਅਗਲੀ ਫੇਰੀ ਸਮੇਂ ਉਸ ਨੂੰ ਵਾਪਸ ਸੌਂਪਣਾ ਹੋਵੇਗਾ, ਜਿਸ ਤੋਂ ਬਾਅਦ ਬੀਐੱਲਓ ਵੱਲੋਂ ਰਸੀਦ ਜਾਰੀ ਕੀਤੀ ਜਾਵੇਗੀ ਤੇ ਡੁਪਲੀਕੇਟ ਕਾਪੀ ਵੋਟਰ ਆਪਣੇ ਕੋਲ ਰਿਕਾਰਡ ਵਜੋਂ ਰੱਖਣਗੇ। ਜੇਕਰ ਮੁੱਖ ਵੋਟਰ ਘਰ ਵਿਚ ਉਪਲਬਧ ਨਹੀਂ ਹੈ, ਤਾਂ ਇਹ ਫਾਰਮ ਪਰਿਵਾਰ ਦੇ ਕਿਸੇ ਵੀ ਬਾਲਗ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਹਾਲੇ ਤੱਕ ਫਾਰਮ ਨਹੀਂ ਮਿਲਿਆ, ਉਹ ਦਿੱਤੇ ਗਏ ਸੰਪਰਕ ਨੰਬਰਾਂ ਰਾਹੀਂ ਆਪਣੇ ਬੀਐੱਲਓ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਜਾਂ ਬੀਐੱਲਓ ਨਾਲ ਗੱਲ ਕਰੋ ਸਹੂਲਤ ਦਾ ਲਾਭ ਉਠਾ ਸਕਦੇ ਹਨ। ਜ਼ਿਲ੍ਹਾ ਚੋਣ ਅਫਸਰ ਨੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ-ਘਰ ਜਾ ਕੇ ਕੀਤੀ ਜਾਣ ਵਾਲੀ ਇਹ ਗਣਨਾ ਮੁਹਿੰਮ 24 ਜੁਲਾਈ ਤੱਕ ਜਾਰੀ ਰਹੇਗੀ ਤੇ ਵੋਟਰ ਸੂਚੀਆਂ ਦੀ ਖਰੜਾ ਪ੍ਰਕਾਸ਼ਨ 3 ਅਗਸਤ 2026 ਨੂੰ ਕੀਤੀ ਜਾਵੇਗੀ। ਇਸ ਤੋਂ ਬਾਅਦ, ਵੋਟਰ ਸੂਚੀਆਂ ਸਬੰਧੀ ਦਾਅਵੇ ਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਦਰਜ ਕਰਵਾਏ ਜਾ ਸਕਦੇ ਹਨ, ਜਿਨ੍ਹਾਂ ਦਾ ਨਿਪਟਾਰਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਦੀ ਪ੍ਰਕਾਸ਼ਨ 1 ਅਕਤੂਬਰ 2026 ਨੂੰ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵੋਟਰ ਸੂਚੀਆਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਆਮ ਲੋਕ ਜ਼ਿਲ੍ਹਾ ਚੋਣ ਦਫ਼ਤਰ ਦੇ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ਤੇ ਵੀ ਸੰਪਰਕ ਕਰ ਸਕਦੇ ਹਨ।