ਫੈਕਟਰੀ ’ਚ ਹੋਏ ਖ਼ੂਨੀ ਝਗੜੇ ਦੇ 6 ਮੁਲਜ਼ਮ ਹਥਿਆਰਾਂ ਸਮੇਤ ਕਾਬੂ ਪਿੰਡ ਬਜਾਜ ਦੀ ਫੈਕਟਰੀ ਵਿੱਚ ਹੋਏ ਖ਼ੂਨੀ ਝਗੜੇ ਦੇ ਮਾਮਲੇ ’ਚ 6 ਮੁਲਜ਼ਮ ਹਥਿਆਰਾਂ ਸਮੇਤ ਕਾਬੂ
Publish Date: Thu, 22 Oct 2026 09:43 PM (IST)
Updated Date: Thu, 22 Oct 2026 09:45 PM (IST)
ਵਾਰਦਾਤ ’ਚ ਵਰਤੇ ਦੋ ਦਾਤਰ, ਇੱਕ ਕਿਰਪਾਨ, ਇੱਕ ਕੜਾ ਤੇ ਮੋਟਰਸਾਈਕਲ ਬਰਾਮਦ ਸੁਖਜਿੰਦਰ ਸਿੰਘ ਮੁਲਤਾਨੀ ਪੰਜਾਬੀ ਜਾਗਰਣ ਭੁਲੱਥ : ਭੋਗਪੁਰ ਰੋਡ ’ਤੇ ਸਥਿਤ ਪਿੰਡ ਬਜਾਜ ਵਿਖੇ ‘ਗੁਰੂ ਕ੍ਰਿਪਾ ਅਮਰੀਕਨ ਕੰਕਰੀਟ ਟਾਇਲ’ ਫੈਕਟਰੀ ਵਿੱਚ ਹੋਏ ਖ਼ੂਨੀ ਝਗੜੇ ਦੇ ਮਾਮਲੇ ਵਿੱਚ ਭੁਲੱਥ ਪੁਲਿਸ ਨੇ ਛੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਦੋ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਦਿਨੀਂ ਪਿੰਡ ਬਜਾਜ ਵਿਖੇ ਸਥਿਤ ਉਕਤ ਫੈਕਟਰੀ ਵਿੱਚ ਕੁਝ ਨੌਜਵਾਨਾਂ ਵਿਚਕਾਰ ਲੜਾਈ-ਝਗੜਾ ਹੋ ਗਿਆ ਸੀ। ਇਸ ਦੌਰਾਨ ਹੋਈ ਹਿੰਸਕ ਘਟਨਾ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਸੀ, ਜਦਕਿ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲੇ ਦੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਭੁਲੱਥ ਪੁਲਿਸ ਵੱਲੋਂ ਛੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਲਗਾਤਾਰ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਸਾਰੇ ਛੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮਾਂ ਵਿੱਚ ਗੁਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬਜਾਜ, ਗੌਰਵ ਉਰਫ਼ ਮੋਟਾ ਉਰਫ਼ ਸਨੀ ਪੁੱਤਰ ਭਜਨ ਸਿੰਘ ਵਾਸੀ ਪਿੰਡ ਬਾਗੜੀਆਂ, ਹਰਸ਼ਦੀਪ ਉਰਫ਼ ਪਾਵਾ ਪੁੱਤਰ ਦੀਸ਼ਾ ਵਾਸੀ ਪਿੰਡ ਬਜਾਜ ਅਤੇ ਅੰਮ੍ਰਿਤਪਾਲ ਸਿੰਘ ਉਰਫ਼ ਬੁੱਢਾ ਪੁੱਤਰ ਸੁਖਜਿੰਦਰ ਸਿੰਘ ਵਾਸੀ ਪਿੰਡ ਬਜਾਜ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਵਾਰਦਾਤ ਵਿੱਚ ਵਰਤੇ ਗਏ ਦੋ ਦਾਤਰ, ਇੱਕ ਕਿਰਪਾਨ, ਇੱਕ ਕੜਾ ਤੇ ਮੋਟਰਸਾਈਕਲ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਮੁਲਜ਼ਮਾਂ ਵਿੱਚੋਂ ਦੋ ਨਾਬਾਲਗ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਚਾਰ ਮੁਲਜ਼ਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ, ਜਦਕਿ ਨਾਬਾਲਗਾਂ ਸਬੰਧੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਗਈ ਹੈ। ਇਸ ਸਬੰਧੀ ਥਾਣਾ ਭੁਲੱਥ ਦੇ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਵਿੱਚੋਂ ਤਿੰਨ ਖ਼ਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ।