ਪਿੰਡ ਪਲਾਹੀ ਦੇ 58 ਮਰੀਜ਼ਾਂ ਦਾ ਹੋਇਆ ਸਫਲ ਆਪ੍ਰੇਸ਼ਨ
58 ਮਰੀਜਾਂ ਦਾ ਡਾ. ਰਾਜਨ ਆਈ ਕੇਅਰ ਹਸਪਤਾਲ ‘ਚ ਹੋਇਆ ਸਫਲ ਆਪ੍ਰੇਸ਼ਨ
Publish Date: Thu, 26 Mar 2026 07:55 PM (IST)
Updated Date: Thu, 26 Mar 2026 07:59 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਐੱਨਆਰਆਈ ਸੱਲ੍ਹ ਪਰਿਵਾਰ (ਸਰੀ, ਕੈਨੇਡਾ) ਵੱਲੋਂ ਪਿੰਡ ਪਲਾਹੀ ਵਿਖੇ ਲਗਾਏ ਗਏ ਅੱਖਾਂ ਦੇ ਫਰੀ ਕੈਂਪ ਦੌਰਾਨ ਚੁਣੇ ਗਏ 58 ਮਰੀਜ਼ਾਂ ਦੀਆਂ ਅੱਖਾਂ ਦੇ ਫਰੀ ਆਪ੍ਰੇਸ਼ਨ ਡਾ. ਰਾਜਨ ਆਈ ਕੇਅਰ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਕੀਤੇ ਗਏ। ਇਸ ਦੌਰਾਨ ਹਸਪਤਾਲ ਦੇ ਐੱਮਡੀ ਤੇ ਅੱਖਾਂ ਦੇ ਮਾਹਿਰ ਡਾ. ਐੱਸ ਰਾਜਨ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ 530 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਸੀ ਤੇ 380 ਲੋੜਵੰਦਾਂ ਨੂੰ ਲੋੜ ਅਨੁਸਾਰ ਦਵਾਈਆਂ ਜਦਕਿ 320 ਮਰੀਜ਼ਾਂ ਨੂੰ ਨਜ਼ਰ ਦੀਆਂ ਐਨਕਾਂ ਫਰੀ ਦਿੱਤੀਆਂ ਗਈਆਂ। ਆਪ੍ਰੇਸ਼ਨ ਲਈ 58 ਮਰੀਜ਼ ਚੁਣੇ ਗਏ ਸਨ, ਜਿਨ੍ਹਾਂ ਦੀਆਂ ਅੱਖਾਂ ‘ਚ ਆਪ੍ਰੇਸ਼ਨ ਰਾਹੀਂ ਫੋਲਡੇਬਲ ਲੈਂਜ਼ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਰਜਰੀ ਵਾਲੇ ਮਰੀਜ਼ਾਂ ਨੂੰ ਸੁਰੱਖਿਆ ਲਈ ਮੁਫ਼ਤ ਐਨਕਾਂ ਤੇ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਅੱਖਾਂ ਦੇ ਮਰੀਜ਼ਾਂ ਨੂੰ ਜ਼ਰੂਰੀ ਹਦਾਇਤਾਂ ਦਿੰਦਿਆਂ ਰੁਟੀਨ ਵਿਚ ਅੱਖਾਂ ‘ਚ ਡਰਾਪਸ ਪਾਉਣ, ਧੁੱਪ, ਧੂੜ ਤੇ ਧੂੰਏਂ ਤੋਂ ਬਚਾਅ ਆਦਿ ਬਾਰੇ ਦੱਸਿਆ। ਡਾ. ਰਾਜਨ ਨੇ ਕਿਹਾ ਕਿ ਅੱਜਕੱਲ੍ਹ ਕੰਪਿਉਟਰ, ਇੰਟਰਨੈਟ ਦੇ ਤਕਨੀਕੀ ਯੁਗ ‘ਚ ਅੱਖਾਂ ਦੀ ਗਤੀਵਿਧੀ ਬਹੁਤ ਜ਼ਿਆਦਾ ਵਧ ਗਈ ਹੈ। ਇਸ ਲਈ ਅੱਖਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਰਾਤ ਦੇ ਹਨੇ੍ਹਰੇ ‘ਚ ਟੀਵੀ ਲੈਪਟਾਪ ਜਾਂ ਮੋਬਾਇਲ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੱਖਾਂ ਵਿਚ ਕੋਈ ਵੀ ਤਕਲੀਫ ਮਹਿਸੂਸ ਹੋਣ ‘ਤੇ ਮਾਹਰ ਡਾਕਟਰ ਦੀ ਸਲਾਹ ਨਾਲ ਇਲਾਜ ਕਰਵਾਉਣਾ ਹੀ ਸਮਝਦਾਰੀ ਹੈ। ਇਸ ਮੌਕੇ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਐੱਨਆਰਆਈ ਸੱਲ੍ਹ ਪਰਿਵਾਰ ਵੱਲੋਂ ਪਾਇਆ ਜਾ ਰਿਹਾ ਯੋਗਦਾਨ ਲੋੜਵੰਦਾਂ ਲਈ ਬਹੁਤ ਹੀ ਲਾਹੇਵੰਦ ਹੈ। ਕੈਂਪ ਦੇ ਪ੍ਰਬੰਧਕ ਸੁਖਵਿੰਦਰ ਸਿੰਘ ਸੱਲ੍ਹ ਨੇ ਡਾ. ਐੱਸ ਰਾਜਨ ਤੇ ਉਨ੍ਹਾਂ ਦੀ ਪੂਰੀ ਟੀਮ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੱਲ੍ਹ ਪਰਿਵਾਰ ਦੇ ਮੈਂਬਰ, ਪਿੰਡ ਪਲਾਹੀ ਦੇ ਪਤਵੰਤੇ ਤੇ ਹਸਪਤਾਲ ਦੇ ਸਟਾਫ ਮੈਂਬਰ ਹਾਜ਼ਰ ਸਨ।