ਦੰਦਾਂ ਦਾ 488ਵਾਂ ਫਰੀ ਕੈਂਪ ਲਗਾਇਆ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਦੰਦਾਂ ਤੇ ਜਬਾੜਿਆਂ ਦਾ 488ਵਾਂ ਫਰੀ ਕੈਂਪ
Publish Date: Tue, 17 Nov 2026 08:44 PM (IST)
Updated Date: Tue, 17 Nov 2026 08:45 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਉਦਯੋਗਪਤੀ ਕੇਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 488ਵਾਂ ਦੰਦਾਂ ਅਤੇ ਜਬਾੜਿਆਂ ਦਾ ਫਰੀ ਕੈਂਪ ਬਲਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਡਾ. ਪ੍ਰਦੀਪ ਕੌਰ ਇੰਚਾਰਜ ਟੀਮ ਸੀਐੱਮਸੀ ਡੈਂਟਲ ਕਾਲਜ ਲੁਧਿਆਣਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਦੀਪ ਜਗਾ ਕੇ ਕੈਂਪ ਦੀ ਆਰੰਭਤਾ ਕਰਵਾਈ ਤੇ ਬਲੱਡ ਬੈਂਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਐਕਸ-ਰੇ ਮਸ਼ੀਨ ਤੇ ਦੋ ਡੈਂਟਲ ਚੇਅਰਾਂ ਸਮੇਤ ਹੋਰ ਅਤਿ ਆਧੁਨਿਕ ਉਪਕਰਣਾਂ ਦੇ ਨਾਲ ਸੀਐੱਮਸੀ ਲੁਧਿਆਣਾ ਤੋਂ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਇਲ ਟੀਮ ਨੇ ਡਾ. ਪ੍ਰਦੀਪ ਕੌਰ ਦੀ ਅਗਵਾਈ ਹੇਠ ਮਰੀਜ਼ਾਂ ਦਾ ਚੈਕਅਪ ਕਰਕੇ ਲੋੜ ਅਨੁਸਾਰ ਇਲਾਜ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਿਆ। 115 ਮਰੀਜ਼ਾਂ ਦੀ ਜਾਂਚ ਕਰਕੇ ਨਵੇਂ 25 ਜਬਾੜੇ ਤਿਆਰ ਕਰਨ ਦੀ ਅਗਲੀ ਪ੍ਰਕ੍ਰਿਆ ਵੀ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਖਰਾਬ ਦੰਦ ਕੱਢਣ, ਦੰਦਾਂ ਦੀ ਭਰਾਈ ਸਫ਼ਾਈ ਆਦਿ ਦੇ ਕੰਮ ਨੂੰ ਕੈਂਪ ਦੌਰਾਨ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਅਗਲਾ ਕੈਂਪ 1 ਦਸੰਬਰ ਦਿਨ ਮੰਗਲਵਾਰ ਨੂੰ ਆਯੋਜਿਤ ਕੀਤਾ ਜਾਵੇਗਾ।