ਦੰਦਾਂ ਤੇ ਜਬਾੜਿਆਂ ਦਾ 487ਵਾਂ ਫਰੀ ਕੈਂਪ ਲਗਾਇਆ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਦੰਦਾਂ ਤੇ ਜਬਾੜਿਆਂ ਦਾ 487ਵਾਂ ਫਰੀ ਕੈਂਪ
Publish Date: Tue, 03 Nov 2026 06:34 PM (IST)
Updated Date: Tue, 03 Nov 2026 06:35 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਉਦਯੋਗਪਤੀ ਕੇਕੇ ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿਖੇ ਸੰਚਾਲਿਤ ਬਲੱਡ ਬੈਂਕ ‘ਚ ਮਾਤਾ ਠਾਕੁਰ ਦੇਵੀ ਤੇ ਨਾਨਕ ਚੰਦ ਸੇਠੀ ਦੀ ਯਾਦ ਨੂੰ ਸਮਰਪਿਤ 487ਵਾਂ ਦੰਦਾਂ ਤੇ ਜਬਾੜਿਆਂ ਦਾ ਫਰੀ ਕੈਂਪ ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਕਾਮਨੀ ਸਹਿਗਲ, ਕਮਲਾ ਨਹਿਰੂ ਕਾਲਜ ਫਗਵਾੜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਗੌਰੀ ਸੇਠੀ ਨੇ ਵੀ ਉਚੇਰੇ ਤੌਰ ’ਤੇ ਹਾਜ਼ਰੀ ਲਗਵਾਈ। ਪ੍ਰਿੰਸੀਪਲ ਕਾਮਨੀ ਸਹਿਗਲ ਨੇ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਤੇ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਐਕਸ-ਰੇ ਮਸ਼ੀਨ ਤੇ ਦੋ ਡੈਂਟਲ ਚੇਅਰਾਂ ਸਮੇਤ ਹੋਰ ਅਤਿ-ਆਧੁਨਿਕ ਉਪਕਰਣਾਂ ਦੇ ਨਾਲ ਸੀਐੱਮਸੀ ਲੁਧਿਆਣਾ ਤੋਂ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਇਲ ਟੀਮ ਨੇ ਡਾ. ਪ੍ਰਦੀਪ ਦੀ ਅਗਵਾਈ ਹੇਠ ਮਰੀਜ਼ਾਂ ਦਾ ਚੈਕਅਪ ਕਰਕੇ ਲੋੜ ਅਨੁਸਾਰ ਇਲਾਜ ਦੀ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਿਆ। ਇਸ ਤੋਂ ਇਲਾਵਾ 7 ਤਿਆਰ ਜਬਾੜੇ ਲੋੜਵੰਦ ਬਜ਼ੁਰਗਾਂ ਨੂੰ ਵੰਡੇ ਗਏ ਤੇ 115 ਮਰੀਜ਼ਾਂ ਦੀ ਜਾਂਚ ਕਰਕੇ ਨਵੇਂ 25 ਜਬਾੜੇ ਤਿਆਰ ਕਰਨ ਦੀ ਅਗਲੀ ਪ੍ਰਕ੍ਰਿਆ ਵੀ ਪੂਰੀ ਕੀਤੀ ਗਈ। ਮਲਕੀਅਤ ਸਿੰਘ ਰਗਬੋਤਰਾ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਖਰਾਬ ਦੰਦ ਕੱਢਣ, ਦੰਦਾਂ ਦੀ ਭਰਾਈ-ਸਫ਼ਾਈ ਆਦਿ ਦੇ ਕੰਮ ਨੂੰ ਕੈਂਪ ਦੌਰਾਨ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਦੱਸਿਆ ਕਿ ਅਗਲਾ ਕੈਂਪ 16 ਨਵੰਬਰ ਦਿਨ ਸੋਮਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਤਾਰਾ ਚੰਦ ਚੁੰਬਰ, ਗੁਲਸ਼ਨ ਕਪੂਰ, ਐੱਨਐੱਸ ਸੈਣੀ, ਮੋਹਨ ਲਾਲ ਤਨੇਜਾ, ਸੁਭਾਸ਼ ਕੁਮਾਰ, ਸੁਧਾ ਬੇਦੀ, ਰੂਪ ਲਾਲ ਆਦਿ ਹਾਜ਼ਰ ਸਨ।