38ਵੀਂ ਸਬ-ਜੂਨੀਅਰ ਟੈਨਿਕੋਇਟ ਨੈਸ਼ਨਲ ਚੈਂਪੀਅਨਸ਼ਿਪ ਸ਼ੁਰੂ ਡਿਵਾਈਨ ਪਬਲਿਕ ਸਕੂਲ, ਫਗਵਾੜਾ ਵਿਖੇ 38ਵੀਂ ਸਬ-ਜੂਨੀਅਰ ਟੈਨਿਕੋਇਟ ਨੈਸ਼ਨਲ ਚੈਂਪੀਅਨਸ਼ਿਪ ਦਾ ਆਯੋਜਨ
Publish Date: Sat, 17 Oct 2026 06:40 PM (IST)
Updated Date: Sat, 17 Oct 2026 06:42 PM (IST)
ਡਿਵਾਈਨ ਪਬਲਿਕ ਸਕੂਲ, ਫਗਵਾੜਾ ਵਿਖੇ ਕੀਤਾ ਜਾ ਰਿਹਾ ਆਯੋਜਨ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡਿਵਾਈਨ ਪਬਲਿਕ ਸਕੂਲ, ਫਗਵਾੜਾ ਵਿਖੇ ਟੈਨਿਕੋਇਟ ਐਸੋਸੀਏਸ਼ਨ ਆਫ਼ ਪੰਜਾਬ (ਰਜਿ.) ਵੱਲੋਂ 38ਵੀਂ ਸਬ-ਜੂਨੀਅਰ ਟੈਨਿਕੋਇਟ ਨੈਸ਼ਨਲ ਚੈਂਪੀਅਨਸ਼ਿਪ-2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਰਾਸ਼ਟਰੀ ਪੱਧਰ ਦਾ ਖੇਡ ਸਮਾਗਮ 17 ਤੋਂ 21 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਐੱਮਪੀ ਤੇ ਹਲਕਾ ਇੰਚਾਰਜ ਫਗਵਾੜਾ ਡਾ. ਰਾਜ ਕੁਮਾਰ ਚੱਬੇਵਾਲ ਸ਼ਾਮਲ ਹੋਏ ਜਦਕਿ ਵਿਸ਼ੇਸ ਮਹਿਮਾਨ ਵਜੋਂ ਚੇਅਰਮੈਨ ਮਾਰਕੀਟ ਕਮੇਟੀ ਅਨੁਰਾਗ ਮਾਨਖੰਡ ਨੇ ਸ਼ਿਰਕਤ ਕੀਤੀ। ਇਸ ਚੈਂਪੀਅਨਸ਼ਿਪ ਦਾ ਮੁੱਖ ਉਦੇਸ਼ ਨੌਜਵਾਨ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨਾ ਤੇ ਅਨੁਸ਼ਾਸਨ, ਟੀਮ ਭਾਵਨਾ ਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਅਜਿਹੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਖਿਡਾਰੀਆਂ ਨੂੰ ਆਪਣੀ ਯੋਗਤਾ ਸਾਬਤ ਕਰਨ ਤੇ ਭਵਿੱਖ ਵਿੱਚ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦੇ ਹਨ। ਸਮਾਗਮ ਦੇ ਪ੍ਰਬੰਧਾਂ ਵਿੱਚ ਟੈਨਿਕੋਇਟ ਐਸੋਸੀਏਸ਼ਨ ਆਫ਼ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਆਰਗੇਨਾਈਜ਼ਰ ਦੇ ਚੇਅਰਮੈਨ ਪੰਕਜ ਕਪੂਰ, ਵਾਈਸ ਚੇਅਰਮੈਨ ਰਜਿੰਦਰ ਪਠਾਣੀਆ, ਵਾਈਸ ਪ੍ਰੈਜ਼ੀਡੈਂਟ ਨੰਦ ਸਿੰਘ, ਡਾ. ਨੀਰੂ ਘਈ, ਚਰਨਜੀਤ ਕੌਸ਼ਪ ਹਨ ਜਦਕਿ ਜੁਆਇੰਟ ਸੈਕਟਰੀ ਸੁਰਬੀ ਠਾਕੁਰ ਤੇ ਪਰਮਿੰਦਰ ਸਿੰਘ ਹਨ। ਈਸੀ ਮੈਂਬਰ ਮਿਸ ਨੀਤੂ ਬਾਲਾ, ਸੌਰਵ ਰਾਜ, ਨਿਤਿਨ ਬਾਵਾ, ਹਰਮੀਤ ਸਿੰਘ, ਗੁਰਪ੍ਰੀਤ ਸਿੰਘ, ਮੱਖਣ ਲਾਲ ਹਨ। ਸਕੂਲ ਦੀ ਪ੍ਰਿੰਸੀਪਲ ਰੇਣੂ ਠਾਕੁਰ ਤੇ ਮੈਨੇਜਮੈਂਟ ਦੇ ਪ੍ਰਧਾਨ ਪੰਕਜ ਕਪੂਰ ਦੀ ਅਗਵਾਈ ਹੇਠ ਸਕੂਲ ਵੱਲੋਂ ਇਸ ਖੇਡ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਯਤਨ ਕੀਤੇ ਜਾ ਰਹੇ ਹਨ। ਸਕੂਲ ਦੀ ਵਾਈਸ ਪ੍ਰਿੰਸੀਪਲ ਗਗਨ ਖਹਿਰਾ ਦਾ ਮੰਣਨਾ ਹੈ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਡਿਵਾਈਨ ਪਬਲਿਕ ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ ਦੱਸਿਆ ਕਿ ਫਗਵਾੜਾ ਤੇ ਡਿਵਾਈਨ ਪਬਲਿਕ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਕੂਲ ਨੂੰ ਰਾਸ਼ਟਰੀ ਪੱਧਰ ਦੇ ਇਸ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।