ਨੌਜਵਾਨਾਂ ਨੂੰ ਸੈਮਸੰਗ ਇਨੋਵੇਸ਼ਨ ਕੈਂਪਸ ਪ੍ਰੋਗਰਾਮ ਤਹਿਤ ਮਿਲੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ ਆਈ.ਕੇ.ਜੀ. ਪੀ.ਟੀ.ਯੂ ਦੇ 300 ਨੌਜਵਾਨਾਂ ਨੂੰ ਸੈਮਸੰਗ ਇਨੋਵੇਸ਼ਨ ਕੈਂਪਸ ਪ੍ਰੋਗਰਾਮ ਤਹਿਤ ਮਿਲੇਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸਿਖਲਾਈ
Publish Date: Wed, 21 Oct 2026 08:30 PM (IST)
Updated Date: Wed, 21 Oct 2026 08:33 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਵੱਲੋਂ ਨੌਜਵਾਨਾਂ ਨੂੰ ਆਧੁਨਿਕ ਤਕਨੀਕੀ ਹੁਨਰ ਨਾਲ ਲੈਸ ਕਰਨ ਅਤੇ ਉਨ੍ਹਾਂ ਦੀ ਰੁਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਕੀਤੀ ਗਈ ਹੈ। ਯੂਨੀਵਰਸਿਟੀ ਨੇ ਫੋਕਲ ਸਕਿੱਲ ਡਿਵੈਲਪਮੈਂਟ ਪ੍ਰਾਈਵੇਟ ਲਿਮਟਿਡ (ਫੋਕਲਾਈਟ) ਨਾਲ ਇੱਕ ਸਮਝੌਤਾ ਕੀਤਾ ਗਿਆ ਹੈ। ਇਸ ਤਹਿਤ ਸੈਮਸੰਗ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐੱਸ.ਆਰ.) ਪਹਿਲਕਦਮੀ ‘ਸੈਮਸੰਗ ਇਨੋਵੇਸ਼ਨ ਕੈਂਪਸ’ ਪ੍ਰੋਗਰਾਮ ਅਧੀਨ ਯੂਨੀਵਰਸਿਟੀ ਦੇ ਜਲੰਧਰ ਅਤੇ ਮੋਹਾਲੀ ਕੈਂਪਸ ਵਿਖੇ 300 ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਟੈਲੀਕਾਮ ਸੈਕਟਰ ਸਕਿੱਲ ਕੌਂਸਲ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ । ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਨਾਲ ਸਬੰਧਤ ਲੋੜੀਂਦੇ ਹੁਨਰ ਪ੍ਰਦਾਨ ਕਰਨਾ, ਉਨ੍ਹਾਂ ਦੀ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨਾ ਅਤੇ ਤੇਜ਼ੀ ਨਾਲ ਵਿਕਸਿਤ ਹੋ ਰਹੀ ਡਿਜੀਟਲ ਅਰਥਵਿਵਸਥਾ ਵਿੱਚ ਰੁਜ਼ਗਾਰ ਤੇ ਕਰੀਅਰ ਦੇ ਨਵੇਂ ਮੌਕਿਆਂ ਲਈ ਨੌਜਵਾਨਾਂ ਨੂੰ ਤਿਆਰ ਕਰਨਾ ਹੈ। ਇਸ ਪ੍ਰੋਗਰਾਮ ਰਾਹੀਂ ਸਿਖਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ, ਜਿਸ ਨਾਲ ਉਹ ਭਵਿੱਖ ਦੀਆਂ ਤਕਨੀਕੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਹੋਰ ਸਮਰੱਥ ਬਣ ਸਕਣਗੇ । ਇਸ ਸਮਝੌਤੇ ’ਤੇ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਅਤੇ ਫੋਕਲਾਈਟ ਦੇ ਸੀਈਓ ਪਰਵੀਨ ਬਾਂਸਲ ਨੇ ਹਸਤਾਖਰ ਕੀਤੇ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਦੀਪਕ ਸੰਧੂ, ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਡਾ. ਰਾਜੀਵ ਬੇਦੀ, ਸਹਾਇਕ ਰਜਿਸਟਰਾਰ ਮੋਹਿਤ ਕੁਮਾਰ, ਫੋਕਲਾਈਟ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਚਿਨ ਮਿਸ਼ਰਾ ਅਤੇ ਪ੍ਰੋਜੈਕਟ ਕੋਆਰਡੀਨੇਟਰ ਮੇਘੇਸ਼ ਸ਼ਰਮਾ ਵੀ ਮੌਜੂਦ ਸਨ । ਇਸ ਮੌਕੇ ਉਪ ਕੁਲਪਤੀ ਪ੍ਰੋ. (ਡਾ.) ਅਰਵਿੰਦ ਕੁਮਾਰ ਬਾਂਸਲ ਨੇ ਉੱਚ ਸਿੱਖਿਆ ਵਿੱਚ ਤਕਨਾਲੋਜੀ-ਆਧਾਰਿਤ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਤਕਨੀਕੀ ਦੌਰ ਵਿੱਚ ਨੌਜਵਾਨਾਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਰਨਾ ਬਹੁਤ ਮਹੱਤਵਪੂਰਨ ਹੈ। ਅਜਿਹੇ ਉਦਯੋਗ-ਵਿੱਦਿਅਕ ਸੰਸਥਾ ਸਹਿਯੋਗ ਵਿਦਿਆਰਥੀਆਂ ਨੂੰ ਆਧੁਨਿਕ ਤਕਨਾਲੋਜੀਆਂ ਨਾਲ ਜਾਣੂ ਕਰਵਾਉਣ ਅਤੇ ਉਨ੍ਹਾਂ ਦੇ ਹੁਨਰਾਂ ਨੂੰ ਵਿਹਾਰਕ ਲੋੜਾਂ ਅਨੁਸਾਰ ਵਿਕਸਿਤ ਕਰਨ ਵਿੱਚ ਸਹਾਇਕ ਹੁੰਦੇ ਹਨ । ਫੋਕਲਾਈਟ ਦੇ ਸੀ.ਈ.ਓ. ਪਰਵੀਨ ਬਾਂਸਲ ਨੇ ਨੌਜਵਾਨਾਂ ਦੀ ਰੁਜ਼ਗਾਰ ਪ੍ਰਾਪਤੀ ਦੀ ਸਮਰੱਥਾ ਵਧਾਉਣ ਵਿੱਚ ਉਦਯੋਗ-ਕੇਂਦਰਿਤ ਸਿਖਲਾਈ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉੱਥੇ ਹੀ, ਕੰਪਨੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸਚਿਨ ਮਿਸ਼ਰਾ ਨੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਸਿਖਲਾਈ ਦੇ ਮੌਕਿਆਂ ਦਾ ਵਿਸਥਾਰ ਕਰਨ ਅਤੇ ਹੁਨਰਮੰਦ ਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਤਿਆਰ ਕਾਰਜਬਲ ਵਿਕਸਿਤ ਕਰਨ ਪ੍ਰਤੀ ਕੰਪਨੀ ਦੀ ਵਚਨਬੱਧਤਾ ਦੁਹਰਾਈ।