7 ਮੋਟਰਸਾਈਕਲ ਤੇ ਲੋਹੇ ਦੇ ਦਾਤਰ ਸਮੇਤ 3 ਕਾਬੂ 7 ਮੋਟਰਸਾਈਕਲ ਤੇ ਲੋਹੇ ਦਾ ਦਾਤਰ ਸਮੇਤ 3 ਕਾਬੂ
Publish Date: Sun, 20 Sep 2026 09:47 PM (IST)
Updated Date: Sun, 20 Sep 2026 09:47 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਥਾਣਾ ਕਬੀਰਪੁਰ ਪੁਲਿਸ ਨੇ ਇਲਾਕੇ ਵਿੱਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਪੈਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 7 ਮੋਟਰਸਾਈਕਲ ਤੇ ਇੱਕ ਲੋਹੇ ਦਾ ਦਾਤਰ ਬਰਾਮਦ ਕੀਤਾ ਹੈ। ਇਹ ਕਾਰਵਾਈ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਆਈਪੀਐੱਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਐੱਸਪੀ (ਡੀ) ਹਰਿੰਦਰ ਸਿੰਘ, ਏਐੱਸਪੀ ਧੀਰੇਂਧਰ ਵਰਮਾ ਦੀ ਅਗਵਾਈ ਹੇਠ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਬੀਰਪੁਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ 18 ਸਤੰਬਰ ਨੂੰ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਦਬੂਲੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਲਾਟਵਾਲਾ ਤੋਂ ਬੂਸੋਵਾਲ ਵੱਲ ਜਾ ਰਿਹਾ ਸੀ। ਪਿੰਡ ਬੂਸੋਵਾਲ ਨੇੜੇ ਪੀਰਾਂ ਦੀ ਜਗ੍ਹਾ ਕੋਲ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਦਾਤਰ ਨਾਲ ਉਸ ਦੀ ਬਾਂਹ ’ਤੇ ਵਾਰ ਕੀਤਾ ਤੇ ਡਰਾ-ਧਮਕਾ ਕੇ ਉਸ ਦਾ ਮੋਟਰਸਾਈਕਲ ਖੋਹ ਲਿਆ। ਮੁਲਜ਼ਮ ਉਸ ਦੀ ਜੇਬ ਵਿੱਚੋਂ 5 ਹਜ਼ਾਰ ਰੁਪਏ ਖੋਹ ਕੇ ਲੈ ਗਏ। ਮਾਮਲਾ ਦਰਜ ਹੋਣ ਤੋਂ ਬਾਅਦ ਥਾਣਾ ਕਬੀਰਪੁਰ ਪੁਲਿਸ ਨੇ ਵੱਖ-ਵੱਖ ਟੀਮਾਂ ਬਣਾ ਕੇ ਖੁਫੀਆ ਸੂਚਨਾਵਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕੀਤੀ। ਪੁਲਿਸ ਨੇ 19 ਸਤੰਬਰ ਨੂੰ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਵਾਸੀ ਘੜਕਾ, ਥਾਣਾ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਦੋ ਮੁਲਜ਼ਮਾਂ ਨੂੰ 20 ਸਤੰਬਰ ਨੂੰ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕੁੱਲ 7 ਮੋਟਰਸਾਈਕਲ ਤੇ ਇੱਕ ਲੋਹੇ ਦਾ ਦਾਤਰ ਬਰਾਮਦ ਕੀਤਾ ਗਿਆ ਹੈ। ਜੋਬਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ 2 ਦਿਨ ਦਾ ਪੁਲਿਸ ਰਿਮਾਂਡ ’ਮਿਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।