ਜ਼ਿਲ੍ਹਾ ਪੱਧਰੀ ਸਮਾਗਮ ’ਚ 25 ਅਧਿਆਪਕ ਸਨਮਾਨਤ ਜਿਲ੍ਹੇ ਦੇ 25 ਅਧਿਆਪਕ ਡਾ. ਸਰਵਪੱਲੀ ਡਾ਼ ਰਾਧਾ ਕ੍ਰਿਸ਼ਨਨ ਐਵਾਰਡ ਨਾਲ ਸਨਮਾਨਿਤ
Publish Date: Tue, 08 Sep 2026 09:54 PM (IST)
Updated Date: Tue, 08 Sep 2026 09:55 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਿਜਨ ਸਟੇਟ/ਨੈਸ਼ਨਲ ਐਵਾਰਡੀਜ਼ ਟੀਚਰਜ਼ ਐਸੋਸੀਏਸ਼ਨ (ਪਰਸੰਨਤਾ) ਦੀ ਸਰਪ੍ਰਸਤੀ ਹੇਠ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਲੈਕਚਰਾਰ ਜਸਵਿੰਦਰ ਪਾਲ ਸਟੇਟ ਐਵਾਰਡੀ ਦੀ ਰਹਿਨੁਮਾਈ ਵਿਚ ਅਧਿਆਪਕ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਕਪੂਰਥਲਾ ਦੇ ਚੁਨਿੰਦਾ 25 ਅਧਿਆਪਕਾਂ ਨੂੰ ਸਰਵਪੱਲ੍ਹੀ ਡਾਕਟਰ ਰਾਧਾਕ੍ਰਿਸ਼ਨਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਸਰਕਾਰੀ ਹਾਈ ਸਕੂਲ ਭਦਾਸ ਵਿਖੇ ਮੁੱਖ ਅਧਿਆਪਕ ਮਲਕੀਤ ਸਿੰਘ ਘੋਤਰਾ ਦੀ ਅਗਵਾਈ ’ਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਐਵਾਰਡੀਜ਼ ਨੁੰ ਦਿੱਤੇ ਜਾਣ ਵਾਲੇ ਪ੍ਰਮਾਣ ਪੱਤਰਾਂ ਉੱਤੇ ਦਸਤਖਤ ਕਰਨ ਉਪਰੰਤ ਸਮਾਗਮ ਦੇ ਮੁੱਖ ਮਹਿਮਾਨ ਐੱਸਡੀਐੱਮ ਭੁਲੱਥ ਰੁਪਿੰਦਰ ਪਾਲ ਸਿੰਘ ਹਾਕੀ ਓਲੰਪੀਅਨ ਨੇ ਕਿਹਾ ਕਿ ਉਨ੍ਹਾਂ ਲਈ ਬੇਹੱਦ ਮਾਣ ਤੇ ਸਤਿਕਾਰ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਜ਼ਿਲ੍ਹੇ ਦੇ ਸਮਰਪਿਤ ਭਾਵਨਾਵਾਂ ਨਾਲ ਸੇਵਾਵਾਂ ਨਿਭਾਉਣ ਵਾਲੇ ਕਰਮਯੋਗੀ ਅਧਿਆਪਕਾਂ ਦੇ ਸਨਮਾਨ ਪੱਤਰਾਂ ਉੱਤੇ ਇੱਕ ਗਵਾਹ ਵਜੋਂ ਦਸਤਖ਼ਤ ਕਰਨ ਦੀ ਸੇਵਾ ਮਿਲੀ ਹੈ। ਉਨ੍ਹਾਂ ਸਮੂਹ ਅਧਿਆਪਕ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖਿਆ ਤੇ ਖੇਡਾਂ ਸਿੱਕੇ ਦੇ ਦੋ ਪਹਿਲੂ ਹਨ, ਅਸੀ ਸਿੱਖਿਆ ਦੇ ਮਾਧਿਆਮ ਨਾਲ ਕਿਸੇ ਵੀ ਵਿਸ਼ੇ ਦਾ ਸੀਮਤ ਸਿਲੇਬਸ ਹੀ ਸਿਖਦੇ ਜਾਂ ਸਿਖਾਉਂਦੇ ਹਾਂ ਪਰ ਖੇਡ ਦੇ ਮੈਦਾਨ ਵਿਚ ਅਸੀਂ ਪੂਰੀ ਜੀਵਨ-ਜਾਚ ਸਿਖਦੇ ਹੋਏ ਆਪਣੀ ਸ਼ਖਸੀਅਤ ਦਾ ਸਰਵਪੱਖੀ ਵਿਕਾਸ ਕਰਦੇ ਹਾਂ। ਕਾਵਿਕ ਤੇ ਵਿਦਵਤਾ ਭਰਪੂਰ ਸ਼ਬਦਾਂ ਨਾਲ ਮੰਚ ਸੰਚਾਲਨ ਕਰਦਿਆਂ ਕੁਸ਼ਲ ਕੁਮਾਰ ਗੁਰੂ ਸ਼ਬਦ ਦੀ ਹੀ ਨਹੀਂ ਬਲਕਿ ਗੁਰੂ ਦੀ ਮਹਾਨਤਾ ਦਾ ਵੀ ਵਿਸਥਾਰਤ ਜ਼ਿਕਰ ਕੀਤਾ। ਇਸ ਮੌਕੇ ਉੱਘੇ ਸਿੱਖ ਚਿੱਤਕ ਤੇ ਵਿਦਵਾਨ ਡਾ. ਆਸਾ ਸਿੰਘ ਘੁੰਮਣ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਦਾ ਆਦਰਸ਼ ਅਧਿਆਪਕ ਓਹੀ ਹੁੰਦਾ ਹੈ ਜੋ ਕਿਸੇ ਵੀ ਵਿਦਿਆਰਥੀ ਨੂੰ ਕਿਤਾਬੀ ਸਿਲੇਬਸ ਨਾਲੋਂ ਜੀਵਨ ਦਾ ਸਿਲੇਬਸ ਪੜ੍ਹਾ ਕੇ ਉਸਦੀ ਜੀਵਨ ਜਾਚ ਬਦਲਦਾ ਹੈ। ਇਸ ਮੌਕੇ ਪਰਸੰਨਤਾ ਦੇ ਸੂਬਾ ਪ੍ਰਧਾਨ ਰੌਸ਼ਨ ਖੈੜਾ ਨੇ ਡਾਕਟਰ ਰਾਧਾ ਕ੍ਰਿਸ਼ਨਨ ਐਵਾਰਡੀਜ਼ ਅਧਿਆਪਕਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਕ ਕਰਮਯੋਗੀ ਅਧਿਆਪਕ ਤਾਂ ਆਪਣੇ ਕਰਮ ਪ੍ਰਤੀ ਸਮਰਪਿਤ ਹੀ ਰਹਿੰਦਾ ਹੈ ਪਰ ਸਮਾਜ ਵਿਚ ਵੀ ਸਮਾਜਿਕ ਚੇਤਨਾ ਹੋਵੇਗੀ ਤਾਂ ਉਸਦਾ ਸਤਿਕਾਰ ਵੀ ਵਧੇਗਾ, ਇਹੀ ਇੱਛਾ ਸਰਵਪੱਲ੍ਹੀ ਡਾਕਟਰ ਰਾਧਾ ਕ੍ਰਿਸ਼ਨਨ ਹੁਰਾਂ ਦੀ ਸੀ, ਉਨਾਂ ਦਾ ਮੰਨਣਾ ਸੀ ਕਿ ਪ੍ਰੀਖਿਆ ’ਚੋਂ ਫੇਲ਼ ਵਿਦਿਆਰਥੀ ਕਦੇ ਵੀ ਫੇਲ੍ਹ ਨਹੀ ਹੁੰਦਾ, ਫੇਲ੍ਹ ਉਦੋ ਹੁੰਦਾ ਹੈ, ਜਦੋਂ ਤੱਕ ਪੂਰੀ ਤਰ੍ਹਾਂ ਪਹੁੰਚ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਚਾਣਕਿਆ ਨੇ ਸਪਸ਼ਟ ਲਿਖਿਆ ਹੈ ਕਿ ਅਧਿਆਪਕ ਦੀ ਗੋਦ ਵਿਚ ਵਿਨਾਸ਼ ਅਤੇ ਵਿਕਾਸ ਦੋਵੇ ਖੇਡਦੇ ਹਨ। ਇਸ ਮੌਕੇ ਸੀਐੱਚਟੀ ਗੁਰਮੁਖ ਸਿੰਘ ਬਾਬਾ ਸਟੇਟ ਐਵਾਰਡੀ-2025 ਤੇ ਸੀਐੱਚਟੀ ਸੰਤੋਖ ਮੱਲ੍ਹੀ ਸਟੇਟ ਐਵਾਰਡੀ-2026 ਨੇ ਆਪਣੇ ਸਕੂਲਾਂ ਦੀ ਨੁਹਾਰ ਬਦਲਣ ਤੇ ਵਿਦਿਆਰਥੀਆਂ ਦੇ ਮੱਥਿਆਂ ਵਿੱਚ ਸੁਪਨੇ ਬੀਜਣ ਲਈ ਸਮਰਪਿਤ ਭਾਵਨਾਵਾਂ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਅਨੁਭਵ ਸਾਂਝੇ ਕੀਤੇ ਤੇ ਪ੍ਰਸੰਨਤਾ ਵਲੋਂ ਇਨ੍ਹਾਂ ਦੋਹਾਂ ਤੋਂ ਇਲਾਵਾ ਸਿੱਖਿਆ ਵਿਭਾਗ ਵਿਚ ਸਭਿਆਚਾਰਕ ਸੰਦਲੀ ਪੈੜਾਂ ਦੇ ਸਿਰਜਕ ਰਹੇ ਕੌਮਾਂਤਰੀ ਕਬੱਡੀ ਕੁਮੈਂਟੇਟਰ ਇੰਦਰਜੀਤ ਪੱਡਾ ਸੇਵਾਮੁਕਤ ਲੈਕਚਰਾਰ ਨੂੰ ਵਿਸੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਇਸ ਵਾਰ ਐਵਾਰਡ ਜਿੱਤਣ ਵਾਲਿਆਂ ’ਚ ਯੋਗੇਸ਼ ਕੁਮਾਰ ਲੈਕਚਰਾਰ ਹਿੰਦੀ ਕਪੂਰਥਲਾ (ਲੜਕੇ), ਮਿਹਰ ਸਿੰਘ ਲੈਕਚਰਾਰ ਅੰਗਰੇਜੀ ਬਰਿਆਰ, ਜਗਤਾਰ ਸਿੰਘ ਲੈਕ. ਅੰਗਰੇਜ਼ੀ ਭੁਲੱਥ, ਲੈਕ. ਜਸਵੰਤ ਸਿੰਘ ਲੈਕ. ਫਿਜ਼ੀਕਲ ਐਜੂਕੇਸ਼ਨ ਮੋਠਾਂਵਾਲ, ਮਲਕੀਤ ਸਿੰਘ ਘੋਤਰਾ ਮੁੱਖ ਅਧਿਆਪਕ ਭਦਾਸ, ਸਤੀਸ਼ ਕੁਮਾਰ ਮੁੱਖ ਆਧਿਆਪਕ ਖਲਵਾੜਾ, ਗੁਲਜਾਰ ਸਿੰਘ ਮੁੱਖ ਅਧਿਆਪਕ ਮਕਸੂਦਪੁਰ, ਹਰੀਸ਼ ਕੁਮਾਰ ਸ਼ਰਮਾ ਵਿਗਿਆਨ ਅਧਿਆਪਕ ਜੱਬੋਵਾਲ, ਕੁਸ਼ਲ ਕੁਮਾਰ ਪੰਜਾਬੀ ਅਧਿਆਪਕ ਜਾਤੀਕੇ, ਜਸਵੀਰ ਚੰਦ ਪੰਜਾਬੀ ਮਾਸਟਰ ਖੈੜਾ ਦੋਨਾ, ਭਾਵਨਾ ਸ਼ਰਮਾ ਪੰਜਾਬੀ ਮਿਸਟ੍ਰਿਸ ਧਾਲੀਵਾਲ ਦੋਨਾ, ਪਰਮਜੀਤ ਕੌਰ ਪੀਟੀਆਈ ਸੇਖੂਪੁਰ, ਲਕਸ਼ਦੀਪ ਸ਼ਰਮਾ ਈਟੀਟੀ ਟੀਚਰ ਡੋਗਰਾਂਵਾਲਾ, ਹਰਜਿੰਦਰ ਸਿੰਘ ਈਟੀਟੀ ਟੀਚਰ ਖਾਨੋਵਾਲ, ਸੈਲੀ ਸ਼ਰਮਾ ਈਟੀਟੀ ਟੀਚਰ ਬੁਰਿੰਦਪੁਰ, ਈਟੀਟੀ ਟੀਚਰ ਕੁਲਦੀਪ ਕੌਰ ਸੇਖੂਪੁਰ, ਹਰਜੀਤ ਸਿੰਘ ਈਟੀਟੀ ਟੀਚਰ ਅਕਾਲਾ ਆਦਿ ਸ਼ਾਮਲ ਹਨ।