21 ਪੰਜਾਬ ਐੱਨਸੀਸੀ ਦੇ ਕੈਡਿਟਸ ਨੂੰ ਟ੍ਰੈਫਿਕ ਨਿਯਮਾਂ ਦੀ ਦਿੱਤੀ ਜਾਣਕਾਰੀ
21 ਪੰਜਾਬ ਐਨ ਸੀ ਸੀ ਦੇ ਕੈਡਿਟਸ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ
Publish Date: Thu, 04 Jun 2026 08:43 PM (IST)
Updated Date: Fri, 05 Jun 2026 03:39 PM (IST)

ਸੜਕ ਹਾਦਸਿਆਂ ਨੂੰ ਰੋਕਣ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਟ੍ਰੈਫਿਕ ਪੁਲਿਸ ਕਪੂਰਥਲਾ ਤੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਸਟੇਟ ਐਵਾਰਡੀ ਵੱਲੋਂ ਸੜਕੀ ਆਵਾਜਾਈ ਨਿਯਮਾਂ ਨੂੰ ਵਿਦਿਆਰਥੀਆਂ ਤੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ। 21 ਪੰਜਾਬ ਐੱਨਸੀਸੀ ਦੇ ਕਰਨਲ ਸੁਰਿੰਦਰ ਪਾਲ ਸਿੰਘ ਐਡਮਨ ਅਫਸਰ ਦੀ ਅਗਵਾਈ ਹੇਠ ਆਰਮੀ ਪਬਲਿਕ ਸਕੂਲ ਬਿਆਸ ਵਿਚ ਵੱਖ-ਵੱਖ ਸਕੂਲਾਂ ਕਾਲਜਾਂ ਦੇ ਲੜਕੇ, ਲੜਕੀਆਂ, ਅਧਿਕਾਰੀਆਂ, ਕਰਮਚਾਰੀਆਂ ਦਾ ਸਲਾਨਾ ਟ੍ਰੈਨਿੰਗ ਕੈਂਪ ਚੱਲ ਰਿਹਾ ਹੈ, ਜਿਸ ਵਿਚ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰੋਡ ਸੇਫਟੀ ਟੀਮ ਮੈਂਬਰ ਗੁਰਬਚਨ ਸਿੰਘ ਬੰਗੜ ਨੇ ਦਸਿਆ ਕਿ ਜਦ ਵੀ ਕੋਈ ਵਾਹਨ ਚਲਾਉਣਾ ਹੋਵੇ ਉਸ ਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ, ਵਾਹਨ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 16 ਸਾਲ ਦੀ ਉਮਰ ਵਿਚ ਲਰਨਿੰਗ ਲਾਈਸੈਂਸ ਬਣਾਇਆ ਜਾ ਸਕਦਾ ਹੈ, 18 ਸਾਲ ਦੀ ਉਮਰ ਵਿਚ ਪੱਕਾ ਲਾਈਸੈਂਸ ਬਣਾਇਆ ਜਾ ਸਕਦਾ ਹੈ। ਪਹਿਲਾਂ ਲਾਇਸੈਂਸ ਬਣਾਉਣਾ ਜ਼ਰੂਰੀ ਹੈ ਫਿਰ ਹੀ ਵਾਹਨ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ, ਇਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਦੋ ਪਹੀਆਂ ਵਾਹਨ ਚਲਾਉਣ ਸਮੇਂ ਹੈਲਮਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ, ਇਸ ਨਾਲ ਸਿਰ ਦੀ ਸੱਟ ਤੋਂ ਬਚਿਆ ਜਾ ਸਕਦਾ ਹੈ। ਚਾਰ ਪਹੀਆਂ ਵਾਹਨ ਚਲਾਉਣ ਸਮੇਂ ਅੱਗੇ ਤੇ ਨਾਲ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਜ਼ਰੂਰ ਲਗਾਈ ਜਾਵੇ, ਇਸ ਨਾਲ ਮੌਤ ਤੇ ਸੱਟਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਰਘਟਨਾ ਦੌਰਾਨ ਸੀਟ ਬੈਲਟ ਮੌਤ ਦੀ ਸੰਭਾਵਨਾ ਤੇ ਉਸਦੇ ਪ੍ਰਭਾਵ ਨੂੰ ਕਾਫੀ ਹੱਦ ਤੱਕ ਘੱਟ ਕਰ ਦਿੰਦੀ ਹੈ। ਹਰੇਕ ਵਾਹਨ ਚਾਲਕ ਦਾ ਫਰਜ਼ ਬਣਦਾ ਹੈ ਕਿ ਵਾਹਨ ਨੂੰ ਸੁਰੱਖਿਅਤ ਚਲਾਇਆ ਜਾਵੇ ਤਾਂ ਸੜਕੀ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਵਾਹਨ ਚਲਾਉਣ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਨਾ ਕੀਤੀ ਜਾਵੇ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਹੀ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ। ਸੜਕਾਂ ’ਤੇ ਦਰਸਾਏ ਗਏ ਟ੍ਰੈਫਿਕ ਸਾਈਨ ਬੋਰਡਾਂ ਦੀ ਪਹਿਚਾਣ ਹੋਣੀ ਬਹੁਤ ਹੀ ਜ਼ਰੂਰੀ ਹੈ। ਇਸ ਮੌਕੇ ਕੈਪਟਨ ਸਰਵਨ ਸਿੰਘ ਰਣਧੀਰ ਸਕੂਲ, ਏਐੱਸਆਈ ਦਿਲਬਾਗ ਸਿੰਘ ਟਾਂਡੀ, ਏਐੱਸਆਈ ਬਲਵਿੰਦਰ ਸਿੰਘ ਨਟਕਰ, ਕਮਾਡਿੰਗ ਅਧਿਕਾਰੀ ਕਰਨ ਆਰਕੇ ਚੌਹਾਨ, ਪ੍ਰਸਾਸ਼ਨਿਕ ਅਧਿਕਾਰੀ ਕਰਨਲ ਸੁਰਿੰਦਰ ਪਾਲ, ਐੱਨਸੀਸੀ ਅਧਿਕਾਰੀ ਸ਼ਰਵਨ ਕੁਮਾਰ ਯਾਦਵ, ਸੂਬੇਦਾਰ ਮੇਜਰ ਸਵਰਨ ਸਿੰਘ, ਐੱਨਸੀਸੀ ਅਧਿਕਾਰੀ ਜਗਬੀਰ ਸਿੰਘ ਭੁੱਲਰ, ਸੁਚਿੰਦਰ ਸਿੰਘ, ਸ਼ਮਿੰਦਰ ਸਿੰਘ, ਵਰਿੰਦਰ ਸਿੰਘ, ਵੈਂਕਟ ਰਮਨ ਆਦਿ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।