- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
21 ਪੀਬੀ ਬਟਾਲੀਅਨ ਐਨਸੀਸੀ ਵੱਲੋਂ ਟੀਬੀ ਮੁਕਤ ਭਾਰਤ ਤੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਜਲੰਧਰ ਗਰੁੱਪ ਦੇ ਮਾਰਗਦਰਸ਼ਨ ਹੇਠ 21 ਪੀਬੀ ਬਟਾਲੀਅਨ ਐੱਨਸੀਸੀ ਦੇ ਕੈਡਿਟਾਂ ਵੱਲੋਂ ਟੀਬੀ ਮੁਕਤ ਭਾਰਤ ਤੇ ਹਰ ਘਰ ਤਿਰੰਗਾ ਮੁਹਿੰਮ ਤਹਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਪੂਰੇ ਉਤਸ਼ਾਹ ਤੇ ਦੇਸ਼ਭਗਤੀ ਦੀ ਭਾਵਨਾ ਨਾਲ ਕਰਵਾਈਆਂ ਗਈਆਂ। ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਐੱਨਸੀਸੀ ਕੈਡਿਟਾਂ ਲਈ ਚਿੱਤਰਕਲਾ ਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਕੈਡਿਟਾਂ ਨੇ ਵੱਡੀ ਗਿਣਤੀ ਵਿੱਚ ਭਾਗ ਲੈਂਦਿਆਂ ਆਪਣੀ ਰਚਨਾਤਮਕ ਪ੍ਰਤਿਭਾ ਰਾਹੀਂ ਟੀਬੀ ਦੀ ਰੋਕਥਾਮ, ਸਮੇਂ ਸਿਰ ਪਛਾਣ ਤੇ ਇਲਾਜ ਸਬੰਧੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਇਸ ਗਤੀਵਿਧੀ ਦਾ ਉਦੇਸ਼ ਨੌਜਵਾਨਾਂ ਨੂੰ ਟੀਬੀ ਮੁਕਤ ਭਾਰਤ ਦੇ ਸੰਕਲਪ ਨਾਲ ਜੋੜਨਾ ਰਿਹਾ। ਇਸੇ ਤਰ੍ਹਾਂ ਹਰ ਘਰ ਤਿਰੰਗਾ ਮੁਹਿੰਮ ਤਹਿਤ 21 ਪੀਬੀ ਬਟਾਲੀਅਨ ਐੱਨਸੀਸੀ ਅਧੀਨ ਆਉਂਦੇ ਵੱਖ-ਵੱਖ ਐੱਨਸੀਸੀ ਸੰਸਥਾਨਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੈਡਿਟਾਂ ਵੱਲੋਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ। ਕੈਡਿਟਾਂ ਨੇ ਸ਼ਹਿਰਾਂ ਦੀਆਂ ਸੜਕਾਂ, ਬਾਜ਼ਾਰਾਂ ਤੇ ਵਿਦਿਅਕ ਸੰਸਥਾਵਾਂ ਵਿੱਚ ਮਾਰਚ ਕਰਦਿਆਂ ਦੇਸ਼ਭਗਤੀ ਦੇ ਨਾਅਰਿਆਂ ਰਾਹੀਂ ਲੋਕਾਂ ਨੂੰ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੇਰਿਤ ਕੀਤਾ। ਰੈਲੀਆਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਤੇ ਸਥਾਨਕ ਨਾਗਰਿਕਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਕੈਡਿਟਾਂ ਵੱਲੋਂ ਆਪਣੇ ਘਰਾਂ ਤੇ ਵੱਖ-ਵੱਖ ਪ੍ਰਮੁੱਖ ਤੇ ਇਤਿਹਾਸਕ ਸਥਾਨਾਂ ’ਤੇ ਤਿਰੰਗਾ ਲਹਿਰਾ ਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ।
ਇਨ੍ਹਾਂ ਦੋਵਾਂ ਮੁਹਿੰਮਾਂ ਰਾਹੀਂ 21 ਪੀਬੀ ਬਟਾਲੀਅਨ ਐਨਸੀਸੀ ਦੇ ਕੈਡਿਟਾਂ ਨੇ ਸਿਹਤ ਜਾਗਰੂਕਤਾ, ਰਾਸ਼ਟਰ ਨਿਰਮਾਣ, ਏਕਤਾ ਅਤੇ ਦੇਸ਼ਭਗਤੀ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।