- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਆਰ.ਸੀ.ਐੱਫ. ਵਿਖੇ 20ਵਾਂ ਇਨਕਲਾਬੀ ਨਾਟਕ ਮੇਲਾ ਧੂਮ-ਧਾਮ ਨਾਲ ਆਯੋਜਿਤ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਸ਼ਹੀਦ ਜਤਿਨ ਦਾਸ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 20ਵਾਂ ਇਨਕਲਾਬੀ ਨਾਟਕ ਮੇਲਾ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ (ਵਰਕਰ ਕਲੱਬ) ਵਿਖੇ ਬਹੁਤ ਉਤਸ਼ਾਹ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕੀਤੀ ਗਈ। ਇਸ ਮੌਕੇ ਮੰਚ ਦੀ ਸੱਭਿਆਚਾਰਕ ਟੀਮ ਦੇ ਕਲਾਕਾਰਾਂ ਨੇ ਗੁਰਜਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ 'ਦੇਸ਼ ਕੋ ਆਗੇ ਬਢਾਏ' ਦੀ ਸ਼ਾਨਦਾਰ ਪੇਸ਼ਕਾਰੀ ਕੀਤੀ, ਜਦਕਿ ਵਰਕਰ ਕਲੱਬ ਦੇ ਭੰਗੜਾ ਗਰੁੱਪ ਵੱਲੋਂ ਪੇਸ਼ ਕੀਤੀ ਗਈ ਕੋਰੀਓਗ੍ਰਾਫੀ 'ਮੈਂ ਧਰਤੀ ਪੰਜਾਬ ਦੀ' ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਮੇਲੇ ਦੌਰਾਨ ਨੌਜਵਾਨ ਆਗੂ ਭਰਤ ਰਾਜ ਨੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਤੇ ਉਨ੍ਹਾਂ ਦੇ ਉਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਲੋਕ ਕਲਾ ਮੰਚ ਮੰਡੀ ਮੁੱਲਾਪੁਰ ਦੇ ਕਲਾਕਾਰਾਂ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ 'ਪਰਿੰਦੇ ਭਟਕ ਗਏ' ਨੇ ਨਸ਼ਿਆਂ ਦੀ ਮਾਰ ਹੇਠ ਆ ਰਹੇ ਪੰਜਾਬ ਦੇ ਹਾਲਾਤਾਂ ਦੀ ਯਥਾਰਥਕ ਤਸਵੀਰ ਪੇਸ਼ ਕੀਤੀ ਤੇ ਨਾਟਕ 'ਮਸ਼ਾਲ ਬਾਲ ਕੇ ਰੱਖੀ' ਨੇ ਆਮ ਲੋਕਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਸੰਘਰਸ਼ ਕਰਨ ਲਈ ਜਾਗ੍ਰਿਤ ਕੀਤਾ । ਪ੍ਰੋਗਰਾਮ ਵਿੱਚ ਮੁੱਖ ਵਕਤਾ ਵਜੋਂ ਪਹੁੰਚੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਯੂਯੂਐੱਸਯੂ) ਦੀ ਜੁਆਇੰਟ ਸਕੱਤਰ ਦਾਨਿਸ਼ ਨੇ ਆਪਣੇ ਸੰਬੋਧਨ ਵਿੱਚ ਵਿਸਥਾਰ ਨਾਲ ਕਿਹਾ ਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਲੋਕ ਪੱਖੀ ਵਿਚਾਰਾਂ ਨੂੰ ਕਦੇ ਨਾ ਜਾਣ ਸਕਣ। ਉਨ੍ਹਾਂ ਯਾਦ ਕਰਵਾਇਆ ਕਿ ਸ਼ਹੀਦ ਭਗਤ ਸਿੰਘ ਜੀ ਨੇ ਸਿੱਖਿਆ ਦੇ ਸਵਾਲ 'ਤੇ ਸਪੱਸ਼ਟ ਕਿਹਾ ਸੀ ਕਿ ਸਿੱਖਿਆ ਦਾ ਮਤਲਬ ਸਿਰਫ਼ ਡਿਗਰੀਆਂ ਪ੍ਰਾਪਤ ਕਰ ਲੈਣਾ ਹੀ ਨਹੀਂ ਹੈ, ਸਗੋਂ ਜਿਸ ਸਮਾਜ ਵਿੱਚ ਤੁਸੀਂ ਰਹਿੰਦੇ ਹੋ, ਉਸ ਸਮਾਜ ਦੀਆਂ ਸਮੱਸਿਆਵਾਂ, ਲੋੜਾਂ ਨੂੰ ਸਮਝਣਾ ਤੇ ਉਸ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ੋਰ ਦੇ ਕੇ ਕਿਹਾ ਕਿ ਵਿਦਿਆਰਥੀਆਂ, ਮੁਲਾਜ਼ਮਾਂ, ਮਜ਼ਦੂਰਾਂ, ਨੌਜਵਾਨਾਂ, ਕਿਸਾਨਾਂ ਤੇ ਦੇਸ਼ ਦੇ ਸ਼ੋਸ਼ਿਤ ਵਰਗ ਨੂੰ ਇੱਕ ਸਾਂਝੇ ਪਲੇਟਫਾਰਮ 'ਤੇ ਸੰਗਠਿਤ ਹੋ ਕੇ ਇਨ੍ਹਾਂ ਮਾਰੂ ਨੀਤੀਆਂ ਦਾ ਡਟਵਾਂ ਵਿਰੋਧ ਕਰਨਾ ਪਵੇਗਾ। ਸਟੇਜ ਸਕੱਤਰ ਦੀ ਭੂਮਿਕਾ ਅਵਤਾਰ ਸਿੰਘ ਨੇ ਬਾਖ਼ੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਮੰਚ ਦੇ ਸਕੱਤਰ ਚੰਦਰ ਭਾਨ ਨੇ ਆਏ ਹੋਏ ਦਰਸ਼ਕਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰੋਗਰਾਮ ਦੀ ਸਫਲਤਾ ਵਿੱਚ ਮੰਚ ਦੇ ਪ੍ਰਧਾਨ ਧਰਮ ਪਾਲ ਦੀ ਅਗਵਾਈ ਵਿੱਚ ਪੂਰੀ ਟੀਮ ਤੇ ਸਹਿਯੋਗੀ ਸੰਸਥਾ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਤੇ ਸਕੱਤਰ ਸਰਵਜੀਤ ਸਿੰਘ ਦੇ ਸਹਿਯੋਗ ਸਦਕਾ ਗੁਰਜਿੰਦਰ ਸਿੰਘ, ਰਮਨਦੀਪ ਸਿੰਘ, ਮੰਨੂ ਕੁਮਾਰ, ਜਗਮਿੰਦਰ ਸਿੰਘ, ਸਰਬਜੀਤ ਸਿੰਘ ਟਾਂਡਾ, ਸ਼ਿਵਰਾਜ ਮੀਨਾ, ਗੁਰਮੇਲ ਸਿੰਘ ਕੋਟਲੀ, ਬਚਿੱਤਰ ਸਿੰਘ, ਗੁਰਵਿੰਦਰ ਸਿੰਘ, ਦਿਲਬਾਗ ਸਿੰਘ, ਰਜਿੰਦਰ ਕੁਮਾਰ, ਸਾਕੇਤ ਕੁਮਾਰ, ਸੁਰਿੰਦਰ ਕੁਮਾਰ, ਜਤਿੰਦਰ ਕੁਮਾਰ, ਸੋਨੂ ਕੁਮਾਰ, ਵਿਨੋਦ ਕੁਮਾਰ, ਰਾਮ ਦਾਸ, ਰਾਜ ਕੁਮਾਰ ਪਰਜਾਪਤੀ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਰਾਕੇਸ਼ ਕੁਮਾਰ, ਪੰਕਜ ਕੁਮਾਰ ਸਿੰਘ, ਬਲਜਿੰਦਰ ਪਾਲ, ਮਨਜੀਤ ਸਿੰਘ ਅਤੇ ਸਮਯ ਮੀਨਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।