20ਵਾਂ ਮਹਾਨ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ 20ਵਾਂ ਮਹਾਨ ਗੁਰਮਤਿ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ
Publish Date: Mon, 02 Nov 2026 09:27 PM (IST)
Updated Date: Mon, 02 Nov 2026 09:29 PM (IST)
ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ; ਰਾਗੀ, ਕਥਾਵਾਚਕ ਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਤੇ ਸੱਚਖੰਡ ਵਾਸੀ ਧੰਨ-ਧੰਨ ਬਾਬਾ ਤੇਜਾ ਸਿੰਘ ਜੀ, ਬਾਬਾ ਮਿਲਖਾ ਸਿੰਘ ਜੀ, ਬਾਬਾ ਦਇਆ ਸਿੰਘ ਜੀ, ਬਾਬਾ ਭਗਵਾਨ ਦਾਸ ਜੀ ਤੇ ਜਥੇਦਾਰ ਗੁਰਮੇਜ ਸਿੰਘ ਜੀ ਦੀ ਨਿੱਘੀ ਯਾਦ ਵਿੱਚ 20ਵਾਂ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ, ਪਿੰਡ ਸੁਰਖਪੁਰ ਤੇ ਅਕਬਰਪੁਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਦੀਵਾਨਾਂ ਦੌਰਾਨ ਭਾਈ ਜਗਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸੁਖਜਿੰਦਰ ਸਿੰਘ ਮੋਨੀ ਹਜ਼ੂਰੀ ਰਾਗੀ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਗਿਆਨੀ ਦਿਲਬਾਗ ਸਿੰਘ ਬਲੇਰ ਕਥਾਵਾਚਕ ਦੇ ਨਾਲ ਨੱਥੂਚਾਹਲ ਵਾਲੇ ਢਾਡੀ ਜਥੇ ਨੇ ਰਸਭਿੰਨੇ ਕੀਰਤਨ, ਗੁਰਮਤਿ ਵਿਚਾਰਾਂ ਤੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਗੁਰੂ ਪੰਥ ਦੇ ਦਾਸਰੇ ਬਾਬਾ ਲੀਡਰ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਖੇ ਗੁਰੂ ਦਰਬਾਰ ਦੇ ਨਵੀਨੀਕਰਨ ਤੇ ਗੁਰਦੁਆਰਾ ਸਾਹਿਬ ਨੂੰ ਵਿਸ਼ਾਲ ਕਰਨ ਦੀ ਕਾਰ ਸੇਵਾ ਚੱਲ ਰਹੀ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਕਾਰਜ ਵਿੱਚ ਤਨ, ਮਨ ਤੇ ਧਨ ਨਾਲ ਯੋਗਦਾਨ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਸੇਵਾ ਗਿਆਨੀ ਗੁਰਦੀਪ ਸਿੰਘ ਕਾਨਪੁਰ ਤੇ ਜਤਿੰਦਰ ਸਿੰਘ ਤੁੜ ਵੱਲੋਂ ਬਾਖੂਬੀ ਨਿਭਾਈ ਗਈ। ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦਾ ਸਿੱਧਾ ਪ੍ਰਸਾਰਣ ਪੀਐਸਸੀ ਪੰਜਾਬੀ ਚੈਨਲ ਰਾਹੀਂ ਕੀਤਾ ਗਿਆ, ਜਿਸ ਦਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਲਾਹਾ ਲਿਆ। ਧਾਰਮਿਕ ਦੀਵਾਨਾਂ ਦੀ ਸਮਾਪਤੀ ਉਪਰੰਤ ਸ਼ਾਮ 4 ਵਜੇ ਮੀਰੀ-ਪੀਰੀ ਗੱਤਕਾ ਅਖਾੜਾ ਸੈਫਲਾਬਾਦ ਦੇ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਉਨ੍ਹਾਂ ਨੇ ਸਿੱਖ ਮਾਰਸ਼ਲ ਆਰਟ ਦੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਹਾਜ਼ਰ ਸੰਗਤਾਂ ਦਾ ਧਿਆਨ ਖਿੱਚਿਆ। ਇਸ ਮੌਕੇ ਬਾਬਾ ਲੀਡਰ ਸਿੰਘ ਜੀ, ਭਾਈ ਹਰਚਰਨ ਸਿੰਘ ਜੀ ਹੈੱਡ ਗ੍ਰੰਥੀ, ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਸੰਤ-ਮਹਾਪੁਰਸ਼ਾਂ ਤੇ ਪਿੰਡ ਸੁਰਖਪੁਰ ਤੇ ਅਕਬਰਪੁਰ ਦੇ ਸਮੂਹ ਇਲਾਕਾ ਨਿਵਾਸੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।