ਸੜਕ ਹਾਦਸੇ ’ਚ 2 ਨੌਜਵਾਨਾਂ ਦੀ ਮੌਤ, ਮਹਿਲਾ ਜ਼ਖ਼ਮੀ ਸੜਕ ਹਾਦਸੇ ਦੌਰਾਨ,2 ਨੌਜਵਾਨਾਂ ਦੀ ਮੌਤ, ਮਹਿਲਾ ਗੰਭੀਰ ਜ਼ਖ਼ਮੀ
Publish Date: Thu, 06 Aug 2026 08:19 PM (IST)
Updated Date: Thu, 06 Aug 2026 08:22 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ-ਤਲਵੰਡੀ ਚੌਧਰੀਆਂ ਮਾਰਗ ਤੇ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਖੋਹ ਲਈਆਂ। ਪਿੰਡ ਸਵਾਲ ਨੇੜੇ ਇੱਕ ਨਿੱਜੀ ਸਕੂਲ ਦੇ ਬਾਹਰ ਤੇਜ਼ ਰਫ਼ਤਾਰ ਮਹਿੰਦਰਾ ਐਕਸਯੂਵੀ-500 ਦੇ ਬੇਕਾਬੂ ਹੋ ਕੇ ਰੁੱਖਾਂ ਤੇ ਸਕੂਲ ਦੀ ਗਰਿੱਲ ਨਾਲ ਟਕਰਾਉਣ ਕਾਰਨ 2 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪੁਲਿਸ ਤੇ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾਗ੍ਰਸਤ ਕਾਰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਵੱਲ ਜਾ ਰਹੀ ਸੀ। ਰਾਤ ਕਰੀਬ 11:45 ਵਜੇ ਜਦੋਂ ਕਾਰ ਪਿੰਡ ਸਵਾਲ ਨੇੜੇ ਪਹੁੰਚੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਗਿਆ। ਪਹਿਲਾਂ ਕਾਰ ਸੜਕ ਕਿਨਾਰੇ ਖੜ੍ਹੇ ਇੱਕ ਵੱਡੇ ਰੁੱਖ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਉੱਥੇ ਨਾ ਰੁਕੀ ਤੇ ਅੱਗੇ ਵੱਲ ਵਧਦੇ ਹੋਏ ਸੜਕ ਦੇ ਕਿਨਾਰੇ ਬਣੇ ਇੱਕ ਨਿੱਜੀ ਸਕੂਲ ਦੀ ਲੋਹੇ ਦੀ ਗਰਿੱਲ ਨੂੰ ਤੋੜਦੀ ਹੋਈ ਦੂਜੇ ਰੁੱਖ ਨਾਲ ਜਾ ਟਕਰਾਈ। ਟੱਕਰ ਨਾਲ ਕਾਰ ਦੇ ਪਰਖੱਚੇ ਉੱਡ ਗਏ। ਟਾਇਰ, ਸ਼ੀਸ਼ੇ, ਬੰਪਰ ਤੇ ਇੰਜਣ ਦੇ ਪੁਰਜ਼ੇ ਸੜਕ ਤੇ ਕਈ ਮੀਟਰ ਦੂਰ ਤੱਕ ਖਿਲਰ ਗਏ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਤੇ ਸਕੂਲ ਦੇ ਗਾਰਡ ਤੁਰੰਤ ਮੌਕੇ ਤੇ ਪਹੁੰਚੇ ਤੇ 112 ਤੇ ਸੂਚਨਾ ਦਿੱਤੀ। ਹਾਦਸੇ ਵਿੱਚ ਕਾਰ ਸਵਾਰ 3 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਤਿੰਨਾਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਆਂਦਾ ਗਿਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਦੱਸਿਆ ਕਿ ਲੱਭੀ ਪੁੱਤਰ ਸੋਨੂੰ ਰਾਮ ਵਾਸੀ ਪਿੰਡ ਤਲਵੰਡੀ ਬੂਟਿਆਂ, ਜ਼ਿਲ੍ਹਾ ਜਲੰਧਰ ਉਮਰ ਕਰੀਬ 17 ਸਾਲ ਨੇ ਇਲਾਜ ਦੌਰਾਨ ਰਾਤ 12 ਵਜੇ ਦੇ ਕਰੀਬ ਦਮ ਤੋੜ ਦਿੱਤਾ। ਦੂਜੇ ਨੌਜਵਾਨ ਰਾਹੁਲ ਗਿੱਲ ਪੁੱਤਰ ਸਤਪਾਲ ਵਾਸੀ ਪਿੰਡ ਬਿਧੀਪੁਰ, ਸੁਲਤਾਨਪੁਰ ਲੋਧੀ ਦੀ ਮੌਤ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਉਸ ਦੀ ਲਾਸ਼ ਨੂੰ ਰਾਤ 1 ਵਜੇ ਦੇ ਕਰੀਬ ਪੁਲਿਸ ਵੱਲੋਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ। ਕਾਰ ਵਿੱਚ ਸਵਾਰ ਅੰਜਨਾ ਰਾਣੀ ਪਤਨੀ ਰਾਹੁਲ ਗਿੱਲ ਵਾਸੀ ਪਿੰਡ ਸ਼ੰਕਰ, ਜ਼ਿਲ੍ਹਾ ਜਲੰਧਰ ਉਮਰ 23 ਸਾਲ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਸਿਰ ਤੇ ਸਰੀਰ ਤੇ ਗੰਭੀਰ ਸੱਟਾਂ ਲੱਗਣ ਕਾਰਨ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਅੱਗੇ ਇਲਾਜ ਲਈ ਜਲੰਧਰ ਦੇ ਇੱਕ ਨਿਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਹਾਦਸੇ ਵਾਲੀ ਥਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਸਕੂਲ ਦੀ ਟੁੱਟੀ ਹੋਈ ਗਰਿੱਲ ਤੇ ਸੜਕ ਤੇ ਪਏ ਟਾਇਰਾਂ ਦੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਗੱਡੀ ਕਾਫ਼ੀ ਤੇਜ਼ ਰਫ਼ਤਾਰ ਵਿੱਚ ਸੀ।