ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ 5 ਤੋਂ ਕਰਨਗੇ ਹੜਤਾਲ ਆਸ਼ਾ ਵਰਕਰ ਅਤੇ ਫੈਸਲੀਟੇਟਰ ਯੂਨੀਅਨ ਵੱਲੋਂ 11 ਦਿਨਾਂ ਦੀ ਕੰਮ ਛੋੜ ਹੜਤਾਲ
Publish Date: Fri, 04 Sep 2026 07:00 PM (IST)
Updated Date: Fri, 04 Sep 2026 07:01 PM (IST)
ਗੁਰਪਾਲ ਸਿੰਘ ਪਰਹਾਰ ਪੰਜਾਬੀ ਜਾਗਰਣ ਪਾਂਸ਼ਟਾ : ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਕੌਰ ਤੇ ਜ਼ਿਲ੍ਹਾ ਸੀਨੀਅਰ ਪ੍ਰਧਾਨ ਮਨਦੀਪ ਕੌਰ ਦੀ ਅਗਵਾਈ ਵਿੱਚ ਐੱਸਐੱਮਓ ਪਾਂਸ਼ਟਾ ਡਾ. ਸਰਬਜੀਤ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮਿਤੀ 5 ਸਤੰਬਰ ਤੋਂ 15 ਸਤੰਬਰ ਤੱਕ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ, ਜਿਸ ਦਾ ਅਸਰ ਸਭ ਤੋਂ ਜ਼ਿਆਦਾ ਹਾਈ ਰਿਸਕ ਗਰਭਵਤੀ ਔਰਤਾਂ, ਜੱਚਾ-ਬੱਚਾ ਦੇ ਟੀਕਾਕਰਨ ਤੇ ਜੱਚਾ-ਬੱਚਾ ਦੀ ਦੇਖਭਾਲ ਤੇ ਟੀਬੀ ਦੇ ਮਰੀਜ਼ਾਂ ’ਤੇ ਪਵੇਗਾ। ਇਸ ਹੜਤਾਲ ਤੋਂ ਹੋਣ ਵਾਲੇ ਨੁਕਸਾਨਾਂ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਡਿਪਾਰਟਮੈਂਟ ਦੀ ਹੋਵੇਗੀ ਕਿਉਂਕਿ ਸਾਡੀਆਂ ਮੰਗਾਂ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਮੁੱਖ ਮੰਗਾਂ ਮਿਨੀਮਮ ਕਾਨੂੰਨ ਤਹਿਤ ਘੱਟੋ-ਘੱਟ 2,4000 ਰੁਪਿਆ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਆਨਰੇਰੀਅਮ 25 ਹਜ਼ਾਰ ਰੁਪਏ ਮਾਣ-ਭੱਤੇ ਵਿੱਚ ਤਿੰਨ ਗੁਣਾ ਵਾਧਾ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਫੈਸਿਲੀਟੇਟਰਾਂ ਦੇ ਟੂਰਾਂ ਵਿੱਚ ਹਰ ਸਾਲ ਵਾਧਾ ਕੀਤਾ ਜਾਵੇ ਤੇ ਪਰ ਟੂਰ 500 ਰੁਪਏ ਦਿੱਤਾ ਜਾਵੇ, ਆਸ਼ਾ ਵਰਕਰਾਂ ਦੇ ਇਨਸੈਂਟਿਵ ਵਿੱਚ ਹਰ ਸਾਲ ਵਾਧਾ ਕੀਤਾ ਜਾਵੇ ਤੇ ਇਨਸੈਂਟਿਵ ਡਬਲ ਕੀਤੇ ਜਾਣ, ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੂੰ ਆਨਲਾਈਨ ਕੰਮ ਕਰਨ ਲਈ ਸਮਾਰਟਫੋਨ/ਟੈਬ ਦਿੱਤੇ ਜਾਣ, ਐੱਮਐੱਸਵਾਈ ਕਾਰਡਾਂ ਦੀ ਜਨਵਰੀ ਤੋਂ ਪੇਮੈਂਟ ਕਰਵਾਈ ਜਾਵੇ ਆਦਿ। ਇਸ ਤੋਂ ਇਲਾਵਾ ਹੋਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਸਤੰਬਰ ਦੇ ਅਖੀਰਲੇ ਹਫਤੇ ਮੁੱਖ-ਮੰਤਰੀ ਤੇ ਫਾਇਨਾਂਸ ਮਨਿਸਟਰ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਮਨਦੀਪ ਕੌਰ, ਕਮਲਜੀਤ ਕੌਰ, ਕਿਰਨ, ਆਸ਼ਾ ਰਾਣੀ, ਸੋਨੂੰ, ਰਜਨੀ ਆਦਿ ਹਾਜ਼ਰ ਸਨ।