
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਰੁਣ ਕੁਮਾਰ ਜੋ ਕਿ ਜੋਮੈਟੋ ਕੰਪਨੀ ’ਚ ਡਿਲੀਵਰੀ ਦਾ ਕੰਮ ਕਰਦਾ ਹੈ, ਆਪਣੀ ਐਕਟਿਵਾ ’ਤੇ ਸਾਮਾਨ ਦੀ ਸਪਲਾਈ ਦੇਣ ਲਈ ਅਲਾਸਕਾ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਸੜਕ ’ਤੇ ਖੁੱਲ੍ਹੇ ਗਟਰ ਕਾਰਨ ਉਹ ਇਕਦਮ ਐਕਟਿਵਾ ਤੋਂ ਆਪਣਾ ਕੰਟਰੋਲ ਗੁਆ ਬੈਠਾ ਤੇ ਹੇਠਾਂ ਡਿੱਗ ਪਿਆ।

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਅਲਾਸਕਾ ਚੌਕ ’ਚ ਉਸ ਵੇਲੇ ਇਕ ਡਿਲੀਵਰੀ ਬੁਆਏ ਨੂੰ ਨਿੱਜੀ ਕੰਪਨੀ ਦੀ ਬੱਸ ਨੇ ਕੁਚਲ ਦਿੱਤਾ ਜਦ ਉਹ ਆਪਣੀ ਐਕਟਿਵਾ ’ਤੇ ਸਪਲਾਈ ਦੇਣ ਜਾ ਰਿਹਾ ਸੀ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ ਵਾਸੀ ਬਸਤੀ ਸ਼ੇਖ ਦੇ ਰੂਪ ’ਚ ਹੋਈ ਹੈ। ਟੱਕਰ ਤੋਂ ਬਾਅਦ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਅਰੁਣ ਕੁਮਾਰ ਜੋ ਕਿ ਜੋਮੈਟੋ ਕੰਪਨੀ ’ਚ ਡਿਲੀਵਰੀ ਦਾ ਕੰਮ ਕਰਦਾ ਹੈ, ਆਪਣੀ ਐਕਟਿਵਾ ’ਤੇ ਸਾਮਾਨ ਦੀ ਸਪਲਾਈ ਦੇਣ ਲਈ ਅਲਾਸਕਾ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਸੜਕ ’ਤੇ ਖੁੱਲ੍ਹੇ ਗਟਰ ਕਾਰਨ ਉਹ ਇਕਦਮ ਐਕਟਿਵਾ ਤੋਂ ਆਪਣਾ ਕੰਟਰੋਲ ਗੁਆ ਬੈਠਾ ਤੇ ਹੇਠਾਂ ਡਿੱਗ ਪਿਆ। ਇਸ ਦੌਰਾਨ ਪਿੱਛੋਂ ਦੀ ਆਈ ਨਿੱਜੀ ਕੰਪਨੀ ਦੀ ਬੱਸ ਨੇ ਉਸ ਨੂੰ ਕੁਚਲ ਦਿੱਤਾ। ਜਿਸ ਨਾਲ ਅਰੁਣ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਅਰੁਣ ਕੁਮਾਰ ਹੇਠਾਂ ਡਿੱਗਾ ਤਾਂ ਲੋਕਾਂ ਨੇ ਪਿੱਛੋਂ ਆ ਰਹੀ ਬੱਸ ਦੇ ਡਰਾਈਵਰ ਨੂੰ ਆਵਾਜ਼ਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਬੱਸ ਨਹੀਂ ਰੋਕੀ ਤੇ ਅਰੁਣ ਕੁਮਾਰ ਨੂੰ ਹੇਠਾਂ ਕੁਚਲ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਕਬਜ਼ੇ ’ਚ ਲੈ ਕਿ ਸਿਵਲ ਹਸਪਤਾਲ ਭੇਜ ਦਿੱਤੀ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਿਨੇਸ਼ ਢੱਲ ਨੇ ਲਾਡੋਵਾਲੀ ਰੋਡ ’ਤੇ ਇਕ ਨਿੱਜੀ ਬੱਸ ਦੀ ਟੱਕਰ ਨਾਲ ਡਿਲੀਵਰੀ ਬੁਆਏ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਦਿਆਂ ਉਨ੍ਹਾਂ ਨੇ ਸ਼ਹਿਰ ਦੇ ਅੰਦਰ ਭਾਰੀ ਵਾਹਨਾਂ ਤੇ ਨਿੱਜੀ ਬੱਸਾਂ ਦੇ ਸੰਚਾਲਨ ਸਬੰਧੀ ਪੁਲਿਸ ਪ੍ਰਸ਼ਾਸਨ ਦੇ ਕੰਮਕਾਜ ’ਤੇ ਸਵਾਲ ਉਠਾਏ ਹਨ। ਢੱਲ ਨੇ ਦੋਸ਼ ਲਗਾਇਆ ਕਿ ਸਬੰਧਤ ਕੰਪਨੀ ਦੀਆਂ ਬੱਸਾਂ ਪਹਿਲਾਂ ਹੀ ਜਲੰਧਰ ਸਮੇਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਸੜਕ ਹਾਦਸਿਆਂ ’ਚ ਸ਼ਾਮਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਾ ਸਿਰਫ਼ ਲਾਡੋਵਾਲੀ ਰੋਡ, ਕਿਸ਼ਨਪੁਰਾ ਚੌਕ ਤੇ ਲੰਮਾ ਪਿੰਡ ਚੌਕ ਵਰਗੇ ਵਿਅਸਤ ਖੇਤਰਾਂ ’ਚ ਵਾਪਰੀਆਂ ਹਨ, ਸਗੋਂ ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ’ਚ ਵੀ ਵਾਪਰੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਨਿੱਜੀ ਬੱਸਾਂ ਰੇਲਵੇ ਰੋਡ, ਭਗਤ ਸਿੰਘ ਚੌਕ ਤੇ ਲਾਡੋਵਾਲੀ ਰੋਡ ਵਰਗੇ ਵਿਅਸਤ ਰੂਟਾਂ ’ਤੇ ਚੱਲਦੀਆਂ ਰਹਿੰਦੀਆਂ ਹਨ। ਢੱਲ ਅਨੁਸਾਰ ਉਹ ਪਹਿਲਾਂ ਵੀ ਸਬੰਧਤ ਅਧਿਕਾਰੀਆਂ ਕੋਲ ਇਹ ਮੁੱਦਾ ਉਠਾ ਚੁੱਕੇ ਹਨ ਤੇ ਸ਼ਹਿਰ ਦੀ ਹੱਦ ਅੰਦਰ ਅਜਿਹੀਆਂ ਬੱਸਾਂ ਦੇ ਸੰਚਾਲਨ ’ਤੇ ਪਾਬੰਦੀ ਲਗਾਉਣ ਦੀ ਲਗਾਤਾਰ ਮੰਗ ਕਰਦੇ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਦਿਨੇਸ਼ ਢੱਲ ਨੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ, ਪੁਲਿਸ ਕਮਿਸ਼ਨਰ ਤੇ ਡੀਜੀਪੀ ਨੂੰ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਤੇ ਬੱਸਾਂ ਦੇ ਸੰਚਾਲਨ ਤੇ ਪਰਮਿਟ ਵੇਰਵਿਆਂ ਸਮੇਤ ਸਾਰੇ ਪਹਿਲੂਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਨੇ ‘ਨੋ-ਐਂਟਰੀ’ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਤੇ ਸ਼ਹਿਰ ’ਚ ਸੁਰੱਖਿਅਤ ਟ੍ਰੈਫਿਕ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਉਪਾਅ ਲਾਗੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰੀ ਤੈਅ ਕਰਨ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਨਾ ਹੋਣ ਤੋਂ ਰੋਕਣ ਲਈ ਠੋਸ ਤੇ ਸਥਾਈ ਪ੍ਰਣਾਲੀ ਸਥਾਪਤ ਕਰਨੀ ਚਾਹੀਦੀ ਹੈ।