ਜਿਮਖਾਨਾ ਲੇਡੀਜ਼ ਕਲੱਬ ਦੀਆਂ ਚੋਣਾਂ ਦਾ ਐਲਾਨ ਜਿਮਖਾਨਾ ਲੇਡੀਜ਼ ਕਲੱਬ ਦੀਆਂ ਚੋਣਾਂ ਦਾ ਐਲਾਨ,
Publish Date: Sat, 24 Oct 2026 10:29 PM (IST)
Updated Date: Sat, 24 Oct 2026 10:31 PM (IST)
28 ਨਵੰਬਰ ਨੂੰ ਪੈਣਗੀਆਂ ਵੋਟਾਂ, ਏਡੀਸੀ ਬਰਾੜ ਨੇ ਕੀਤਾ ਐਲਾਨ ਦਿਵਿਆ ਪੀ. ਸੰਭਾਲਣਗੇ ਕਾਰਜਕਾਰੀ ਆਨਰੇਰੀ ਸਕੱਤਰ ਦੀ ਜ਼ਿੰਮੇਵਾਰੀ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਜਿਮਖਾਨਾ ਲੇਡੀਜ਼ ਕਲੱਬ ਦੀ ਸਾਲਾਨਾ ਜਨਰਲ ਮੀਟਿੰਗ (ਏਜੀਐੱਮ) ਸ਼ਨਿਚਰਵਾਰ ਨੂੰ ਜਿਮਖਾਨਾ ਕਲੱਬ ਵਿਖੇ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਏਡੀਸੀ ਅਮਨਿੰਦਰ ਕੌਰ ਬਰਾੜ ਨੇ ਕੀਤੀ। ਇਸ ਦੌਰਾਨ ਕਲੱਬ ਦੀਆਂ ਅਗਲੀਆਂ ਚੋਣਾਂ ਕਰਵਾਉਣ ਸਬੰਧੀ ਅਹਿਮ ਐਲਾਨ ਕੀਤਾ ਗਿਆ। ਕਲੱਬ ਦੀਆਂ ਚੋਣਾਂ 28 ਨਵੰਬਰ ਨੂੰ ਹੋਣਗੀਆਂ। ਮੀਟਿੰਗ ਦੀ ਸ਼ੁਰੂਆਤ ਵਿੱਚ ਆਨਰੇਰੀ ਸਕੱਤਰ ਸੁਰੁਚੀ ਕੱਕੜ ਨੇ ਕਲੱਬ ਦੀ ਕਾਰਗੁਜ਼ਾਰੀ ਸਬੰਧੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਦਸੰਬਰ 2021 ਵਿੱਚ ਕਾਰਜਕਾਲ ਸ਼ੁਰੂ ਹੋਣ ਸਮੇਂ ਕਲੱਬ ਕੋਲ ਬੈਂਕ ਖਾਤਿਆਂ ਅਤੇ ਨਕਦੀ ਦੇ ਰੂਪ ਵਿੱਚ 48 ਲੱਖ ਰੁਪਏ ਸਨ, ਜੋ ਲਗਭਗ ਪੰਜ ਸਾਲਾਂ ਵਿੱਚ ਵਧ ਕੇ 76 ਲੱਖ ਰੁਪਏ ਹੋ ਗਏ ਹਨ। ਇਸ ਤਰ੍ਹਾਂ ਕਲੱਬ ਦੀ ਵਿੱਤੀ ਸਥਿਤੀ ਵਿੱਚ 28 ਲੱਖ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਸਾਬਕਾ ਪ੍ਰਧਾਨਾਂ ਦੇ ਮਾਰਗਦਰਸ਼ਨ, ਸਮੂਹ ਮੈਂਬਰਾਂ ਦੇ ਸਹਿਯੋਗ ਅਤੇ ਕਾਰਜਕਾਰਨੀ ਟੀਮ ਦੀ ਮਿਹਨਤ ਨੂੰ ਦਿੱਤਾ। ਇਸ ਤੋਂ ਬਾਅਦ ਖ਼ਜ਼ਾਨਚੀ ਸੰਗੀਤਾ ਮੋਹਿੰਦਰਾ ਨੇ 31 ਮਾਰਚ 2026 ਤੱਕ ਦੇ ਆਡਿਟ ਕੀਤੇ ਹਿਸਾਬ-ਕਿਤਾਬ ਪੇਸ਼ ਕੀਤੇ। ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਇਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਮੀਟਿੰਗ ਦੌਰਾਨ ਸਾਬਕਾ ਪ੍ਰਧਾਨ ਪੂਨਮ ਸੇਖੜੀ ਵੱਲੋਂ 16 ਅਗਸਤ 2025 ਨੂੰ ਪਾਸ ਕੀਤੇ ਗਏ ਨਿਯਮ ’ਤੇ ਵੀ ਚਰਚਾ ਹੋਈ। ਇਸ ਨਿਯਮ ਅਨੁਸਾਰ ਕਲੱਬ ਦੀਆਂ ਆਉਣ ਵਾਲੀਆਂ ਚੋਣਾਂ ਵਿੱਚ ਉਮੀਦਵਾਰ ਵਜੋਂ ਖੜ੍ਹੇ ਹੋਣ ਲਈ 80 ਫ਼ੀਸਦੀ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਏਡੀਸੀ ਅਮਨਿੰਦਰ ਕੌਰ ਬਰਾੜ ਨੇ ਮੌਜੂਦਾ ਟੀਮ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਸਮੂਹ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਅਧਿਕਾਰਤ ਤੌਰ ’ਤੇ ਐਲਾਨ ਕੀਤਾ ਕਿ ਕਲੱਬ ਦੀਆਂ ਅਗਲੀਆਂ ਚੋਣਾਂ ਸ਼ਨਿਚਰਵਾਰ 28 ਨਵੰਬਰ ਨੂੰ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਚੋਣਾਂ ਤੱਕ ਦਿਵਿਆ ਪੀ. (ਆਈਏਐੱਸ) ਕਾਰਜਕਾਰੀ ਆਨਰੇਰੀ ਸਕੱਤਰ ਵਜੋਂ ਸੇਵਾਵਾਂ ਨਿਭਾਉਣਗੇ। ਮੀਟਿੰਗ ਵਿੱਚ ਕਲੱਬ ਦੀ ਕਾਰਜਕਾਰਨੀ ਟੀਮ ਵੱਲੋਂ ਆਨਰੇਰੀ ਸਕੱਤਰ ਸੁਰੁਚੀ ਕੱਕੜ, ਜੁਆਇੰਟ ਸਕੱਤਰ ਮਨਿੰਦਰ ਧੀਮਾਨ, ਮਨੋਰੰਜਨ ਸਕੱਤਰ ਨੀਨਾ ਚੌਹਾਨ, ਜੁਆਇੰਟ ਮਨੋਰੰਜਨ ਸਕੱਤਰ ਵੰਦਨਾ ਕਾਲੀਆ, ਫੂਡ ਸਕੱਤਰ ਨੀਲਮ ਠਾਕੁਰ ਅਤੇ ਜੁਆਇੰਟ ਫੂਡ ਸਕੱਤਰ ਲਲਿਤਾ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰ ਪੂਜਾ ਪਾਸੀਚਾ, ਪੂਜਾ ਚੋਪੜਾ, ਰੀਤੂ ਕੌਰ, ਸਾਂਵਰੀ ਧੰਦ ਅਤੇ ਪਰਮਿੰਦਰ ਬੇਰੀ ਵੀ ਮੰਚ ’ਤੇ ਮੌਜੂਦ ਸਨ। ਮੀਟਿੰਗ ਵਿੱਚ ਸਾਬਕਾ ਸਕੱਤਰਾਂ, ਸਾਬਕਾ ਅਹੁਦੇਦਾਰਾਂ ਅਤੇ ਲਗਭਗ 60 ਮੈਂਬਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।