- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੰਗਲਾ ਪੰਜਾਬ ਬਣਾਉਣ ’ਚ ਨੌਜਵਾਨ ਸਹਿਯੋਗ ਦੇਣ-ਰਾਜਪਾਲ ਪੰਜਾਬ

ਨੰਬਰ 31 ਹਿੰਦੀ ਤੋਂ
- ਰਾਜਪਾਲ ਨੇ ਐੱਨਆਈਟੀ ਵਿਖੇ 21ਵੇਂ ਡਿਗਰੀ ਵੰਡ ਸਮਾਗਮ ਦੀ ਕੀਤੀ ਪ੍ਰਧਾਨਗੀ
- 1,454 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ, ਅਕਾਦਮਿਕ ਉੱਤਮਤਾ ਲਈ 31 ਮੈਡਲ ਦਿੱਤੇ ਗਏ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨੌਜਵਾਨਾਂ ਨੂੰ ਆਪਣੀ ਯੋਗਤਾ ਤੇ ਸਿੱਖਿਆ ਦੀ ਵਰਤੋਂ ਦੇਸ਼ ਅਤੇ ਸਮਾਜ ਦੀ ਭਲਾਈ ਲਈ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਜਿਨ੍ਹਾਂ 'ਤੇ ਭਾਰਤ ਦੀ ਤਰੱਕੀ ਨਿਰਭਰ ਕਰਦੀ ਹੈ। ਰੰਗਲਾ ਪੰਜਾਬ ਬਣਾਉਣ ’ਚ ਨੌਜਵਾਨ ਆਪਣਾ ਸਹਿਯੋਗ ਦੇਣ। ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ 21ਵੇਂ ਡਿਗਰੀ ਵੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਰਾਜਪਾਲ ਨੇ ਕਿਹਾ ਕਿ ਕਨਵੋਕੇਸ਼ਨ ਵਿਦਿਆਰਥੀ ਦੇ ਜੀਵਨ ਦੇ ਸਭ ਤੋਂ ਵੱਡੇ ਤਿਉਹਾਰਾਂ ਵਿਚੋਂ ਇਕ ਹੁੰਦਾ ਹੈ, ਜੋ ਉਸ ਦਿਨ ਦਾ ਪ੍ਰਤੀਕ ਹੈ, ਜਦੋਂ ਸਾਲਾਂ ਦੀ ਸਖ਼ਤ ਮਿਹਨਤ ਨੂੰ ਫ਼ਲ ਮਿਲਦਾ ਹੈ। ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਰਾਜਪਾਲ ਨੇ ਉਨ੍ਹਾਂ ਨੂੰ ਆਪਣੀ ਯੋਗਤਾ ਰਾਹੀਂ ਉੱਚ ਅਹੁਦੇ ਹਾਸਲ ਕਰਨ, ਆਪਣੇ ਪਰਿਵਾਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਇਕ ਮਜ਼ਬੂਤ ਤੇ ਪ੍ਰਗਤੀਸ਼ੀਲ ਰਾਸ਼ਟਰ ਦੇ ਨਿਰਮਾਣ ’ਚ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਕੁੱਲ 1,454 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ’ਚ 1,011 ਬੀ.ਟੈਕ, 237 ਐੱਮਟੈਕ, 23 ਐੱਮਬੀਏ, 90 ਐੱਮਐੱਸਸੀ ਤੇ 92 ਪੀਐੱਚਡੀ ਗ੍ਰੈਜੂਏਟ ਸ਼ਾਮਲ ਹਨ। ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ 31 ਮੈਡਲ, ਜਿਨ੍ਹਾਂ ’ਚ 30 ਵਿਸ਼ਾ-ਵਾਰ ਮੈਡਲ ਤੇ ਇਕ ਓਵਰਆਲ ਬੀ.ਟੈੱਕ ਟਾਪਰ ਮੈਡਲ ਸ਼ਾਮਲ ਹੈ, ਪ੍ਰਦਾਨ ਕੀਤੇ ਗਏ।
ਰਾਜਪਾਲ ਨੇ ਐੱਨਆਈਟੀ ਜਲੰਧਰ ਨੂੰ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ’ਚੋਂ ਇਕ ਦੱਸਦਿਆਂ ਕਿਹਾ ਕਿ ਇੱਥੋਂ ਪਾਸ ਹੋਣ ਵਾਲੇ ਵਿਦਿਆਰਥੀ ਸਫ਼ਲਤਾ ਪ੍ਰਾਪਤ ਕਰ ਕੇ ਵਿਸ਼ਵ ਪੱਧਰ 'ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਕ ਮਹਾਨ ਰਾਸ਼ਟਰ ਦੀ ਸਿਰਜਣਾ ਲਈ ਡਿਗਰੀਆਂ ਦੇ ਨਾਲ-ਨਾਲ ਚਰਿੱਤਰ ਨਿਰਮਾਣ ਵੀ ਓਨਾਂ ਹੀ ਮਹੱਤਵਪੂਰਨ ਹੈ। ਉਨ੍ਹਾਂ ਵਿਸ਼ਵ ਪੱਧਰੀ ਇੰਜੀਨੀਅਰ ਪੈਦਾ ਕਰਨ ’ਚ ਸੰਸਥਾ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਨਾਲ-ਨਾਲ ਖੋਜ ਤੇ ਨਵੀਨਤਾ ’ਚ ਇਸ ਦੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ। ਸਮੂਹਿਕ ਯਤਨਾਂ ਦਾ ਸੱਦਾ ਦਿੰਦਿਆਂ ਰਾਜਪਾਲ ਨੇ ਰੰਗਲਾ ਪੰਜਾਬ ਬਣਾਉਣ ’ਚ ਨੌਜਵਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਪਾਣੀ ਦੀ ਸੰਭਾਲ, ਕਿਸਾਨਾਂ ਨੂੰ ਹੋਰ ਸਸ਼ਕਤ ਬਣਾਉਣ, ਮਹਿਲਾ ਸਸ਼ਕਤੀਕਰਨ ਤੇ ਨਸ਼ਿਆਂ ਦੇ ਖਾਤਮੇ ’ਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਬੋਰਡ ਆਫ਼ ਗਵਰਨਰਜ਼ ਦੇ ਚੇਅਰਪਰਸਨ, ਪ੍ਰੋ. ਜੇ.ਐੱਸ. ਯਾਦਵ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਜਦਕਿ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਸੰਸਥਾ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ ਅਤੇ ਮਿਆਰੀ ਸਿੱਖਿਆ ਤੇ ਖੋਜ ਰਾਹੀਂ ਰਾਸ਼ਟਰ ਨਿਰਮਾਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ ਵੀ ਮੌਜੂਦ ਸਨ।