- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੱਕ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਨਾਲ ਨੌਜਵਾਨ ਗੰਭੀਰ ਜ਼ਖ਼ਮੀ

ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਲੁਧਿਆਣਾ-ਫਿਲੌਰ ਜੀਟੀ ਰੋਡ ’ਤੇ ਰਾਮਾ ਫਿਊਲ ਪੰਪ ਦੇ ਸਾਹਮਣੇ ਐਤਵਾਰ ਸਵੇਰੇ ਸੜਕ ’ਤੇ ਖੜ੍ਹੇ ਟਰੱਕ ਦੇ ਪਿੱਛੇ ਮੋਟਰਸਾਈਕਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ 1033 ਐੱਨਐੱਚਏਆਈ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਐੱਸਐੱਸਐੱਫ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਐਤਵਾਰ ਸਵੇਰੇ ਕਰੀਬ 7:15 ਵਜੇ ਵਾਪਰਿਆ। ਐੱਮਡੀਟੀ ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਕਰੀਬ 7:30 ਵਜੇ ਮੌਕੇ ’ਤੇ ਪਹੁੰਚੀ। ਉੱਥੇ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ-10-ਕੇਐੱਸ-2692 ’ਤੇ ਸਵਾਰ ਗੁਰਪਾਲ ਸਿੰਘ ਵਾਸੀ ਪਿੰਡ ਭੋਲੇਵਾਲ, ਲੁਧਿਆਣਾ ਜ਼ਖ਼ਮੀ ਹਾਲਤ ’ਚ ਮਿਲਿਆ। ਟਰੱਕ ਨੰਬਰ ਜੇਕੇ-02-ਏਜੀ-7903 ਕੁਝ ਸਮੇਂ ਤੋਂ ਸੜਕ ’ਤੇ ਖੜ੍ਹਾ ਸੀ। ਇਸ ਦੌਰਾਨ ਪਿੱਛੋਂ ਆ ਰਿਹਾ ਮੋਟਰਸਾਈਕਲ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਸਵਾਰ ਟਰੱਕ ਦੇ ਹੇਠਾਂ ਜਾ ਵੜਿਆ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਤੋਂ ਬਾਅਦ ਐੱਸਐੱਸਐੱਫ ਟੀਮ ਨੇ ਤੁਰੰਤ 1033 ਐੱਨਐੱਚਏਆਈ ਐਂਬੂਲੈਂਸ ਨੂੰ ਮੌਕੇ ’ਤੇ ਬੁਲਾਇਆ। ਐਂਬੂਲੈਂਸ ਰਾਹੀਂ ਜ਼ਖ਼ਮੀ ਗੁਰਪਾਲ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ। ਇਸ ਸਬੰਧੀ ਜ਼ਖ਼ਮੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਐੱਸਐੱਸਐੱਫ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਸਬੰਧੀ ਦੋਵੇਂ ਵਾਹਨ ਥਾਣਾ ਫਿਲੌਰ ਦੇ ਡਿਊਟੀ ਅਫਸਰ ਏਐੱਸਆਈ ਜੈਗਪਾਲ ਦੇ ਹਵਾਲੇ ਕਰ ਦਿੱਤੇ ਗਏ ਹਨ। ਹਾਦਸੇ ’ਚ ਕਿਸੇ ਦੀ ਮੌਤ ਨਹੀਂ ਹੋਈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।