ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਕੱਢੀ ਮੋਟਰਸਾਈਕਲ ਰੈਲੀ
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਰੈਲੀ
Publish Date: Mon, 28 Sep 2026 07:43 PM (IST)
Updated Date: Mon, 28 Sep 2026 07:45 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ। ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਨੌਜਵਾਨਾਂ ਨੇ ਰੈਲੀ ’ਚ ਸ਼ਮੂਲੀਅਤ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਯਾਦ ਕੀਤਾ ਤੇ ਨਸ਼ਿਆਂ, ਬੇਰੁਜ਼ਗਾਰੀ, ਫਿਰਕਾਪ੍ਰਸਤੀ, ਅਨਪੜ੍ਹਤਾ ਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਫਿਲੌਰ ਤੋਂ ਸ਼ੁਰੂ ਹੋਈ ਮੋਟਰਸਾਈਕਲ ਰੈਲੀ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋਈ। ਰੈਲੀ ਦੀ ਅਗਵਾਈ ਮੱਖਣ ਸੰਗਰਾਮੀ, ਸੁਨੀਲ ਭੈਣੀ, ਗਗਨਦੀਪ ਗੱਗਾ ਤੇ ਸਨੀ ਜੱਸਲ ਨੇ ਕੀਤੀ। ਇਸ ਮੌਕੇ ਸਭਾ ਦੇ ਸੂਬਾਈ ਆਗੂ ਅਜੈ ਫਿਲੌਰ ਤੇ ਮੱਖਣ ਸੰਗਰਾਮੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਆਗੂਆਂ ਨੇ ਪੰਜਾਬ ’ਚ ਬੇਰੁਜ਼ਗਾਰੀ, ਨਸ਼ਿਆਂ ਤੇ ਸਿੱਖਿਆ ਤੇ ਸਿਹਤ ਸਹੂਲਤਾਂ ਨਾਲ ਸਬੰਧਤ ਮੁੱਦੇ ਵੀ ਉਠਾਏ। ਇਸ ਮੌਕੇ ਪਾਰਸ ਫਿਲੌਰ, ਸੰਦੀਪ ਸਿੰਘ, ਬਲਦੇਵ ਸਾਹਨੀ, ਜਸਬੀਰ ਢੇਸੀ, ਸੋਨੂੰ ਢੇਸੀ, ਗੈਰੀ ਗਿੱਲ, ਤਰਜਿੰਦਰ ਧਾਲੀਵਾਲ, ਜਸਪ੍ਰੀਤ ਸਿੰਘ ਸਮੇਤ ਹੋਰ ਨੌਜਵਾਨ ਹਾਜ਼ਰ ਸਨ।