- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਹੇਠਾਂ ਆ ਕੇ ਪਿੰਡ ਚੂਹੜਵਾਲ਼ੀ ਦੇ ਨੌਜਵਾਨ ਦੀ ਮੌਤ -ਗੁੱਸੇ ’ਚ ਆਏ ਪਰਿਵਾਰਿਕ ਮੈਂਬਰਾਂ ਨੇ ਆਦਮਪੁਰ ਮੁੱਖ ਮਾਰਗ ਕੀਤਾ ਜਾਮ

-ਗੁੱਸੇ ’ਚ ਆਏ ਪਰਿਵਾਰਿਕ ਮੈਂਬਰਾਂ ਨੇ ਆਦਮਪੁਰ ਮੁੱਖ ਮਾਰਗ ਕੀਤਾ ਜਾਮ
-ਡਰਾਈਵਰ ਦੀ ਗ੍ਰਿਫ਼ਤਾਰੀ ਪਿੱਛੋਂ ਖੋਲ੍ਹਿਆ ਧਰਨਾ, ਮਾਮਲਾ ਦੀ ਜਾਂਚ ਸ਼ੁਰੂ
ਅਕਸ਼ੇ ਦੀਪ ਸ਼ਰਮਾ/ਸੁਰਜੀਤ ਪਾਲ, ਪੰਜਾਬੀ ਜਾਗਰਣ, ਆਦਮਪੁਰ/ਕਿਸ਼ਨਗੜ੍ਹ : ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਸਕੂਲ ਆਫ਼ ਐਮੀਨੈਂਸ ਨੇੜੇ ਅੱਜ ਸਵੇਰੇ ਪੰਜਾਬ ਰੋਡਵੇਜ਼ ਦੀ ਬੱਸ ਹੇਠਾਂ ਆਉਣ ਕਾਰਨ ਪਿੰਡ ਚੂਹੜਵਾਲੀ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਆਦਮਪੁਰ ਮੁੱਖ ਮਾਰਗ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਕਰੀਬ ਚਾਰ ਘੰਟਿਆਂ ਬਾਅਦ ਦੁਪਹਿਰ 12:30 ਵਜੇ ਸੜਕ ਖੋਲ੍ਹ ਦਿੱਤੀ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਸੁਰਜਨ ਲਾਲ ਵਾਸੀ ਚੂਹੜਵਾਲੀ ਨੇ ਦੱਸਿਆ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਸਵੇਰੇ ਕਰੀਬ 7:45 ਵਜੇ ਉਹ ਆਪਣੇ ਪੁੱਤਰ ਰਜਤ ਨਾਲ ਮੋਟਰਸਾਈਕਲ ’ਤੇ ਆਦਮਪੁਰ ਆਇਆ ਸੀ। ਜਦੋਂ ਉਹ ਬੀਡੀਪੀਓ ਦਫ਼ਤਰ ਆਦਮਪੁਰ ਦੇ ਸਾਹਮਣੇ ਸੜਕ ਨਾਲ ਲੱਗਦੀ ਕੱਚੀ ਜਗ੍ਹਾ ’ਤੇ ਰੁਕੇ ਹੋਏ ਸਨ ਤਾਂ ਜਲੰਧਰ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਬਿਆਨਾਂ ਮੁਤਾਬਕ ਬੱਸ ਦੀ ਟੱਕਰ ਤੋਂ ਬਾਅਦ ਸੁਰਜਨ ਲਾਲ ਸਾਈਡ ’ਤੇ ਹੋ ਗਿਆ, ਜਦਕਿ ਬੱਸ ਉਸ ਦੇ ਪੁੱਤਰ ਰਜਤ ਉੱਪਰੋਂ ਲੰਘ ਗਈ। ਹਾਦਸੇ ’ਚ ਰਜਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਰਿਵਾਰ ਨੇ ਦੋਸ਼ ਲਾਇਆ ਕਿ ਬੱਸ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਈ ਜਾ ਰਹੀ ਸੀ। ਹਾਦਸੇ ਤੋਂ ਬਾਅਦ ਡਰਾਈਵਰ ਬੱਸ ਕੁਝ ਦੂਰੀ ’ਤੇ ਖੜ੍ਹੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਲੋਕਾਂ ਨੇ ਕੰਡਕਟਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਘਟਨਾ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਪਰਿਵਾਰਕ ਮੈਂਬਰਾਂ ਤੇ ਜਥੇਬੰਦੀਆਂ ਦੇ ਆਗੂਆਂ ਨੇ ਸੜਕ ਦੀ ਖ਼ਸਤਾ ਹਾਲਤ ਤੇ ਕਥਿਤ ਲਾਪਰਵਾਹੀ ਨੂੰ ਹਾਦਸੇ ਲਈ ਜ਼ਿੰਮੇਵਾਰ ਦੱਸਦਿਆਂ ਬੱਸ ਡਰਾਈਵਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਅਕਾਲੀ ਆਗੂ ਧਰਮਪਾਲ ਲੇਸੜੀਵਾਲ, ਕਰਨ ਚੁੰਬਰ, ਮਨਪ੍ਰੀਤ ਮੰਤਰੀ ਸਮੇਤ ਹੋਰ ਆਗੂਆਂ ਨੇ ਮਿਗਲਾਨੀ ਹਸਪਤਾਲ ਦੇ ਸਾਹਮਣੇ ਮੁੱਖ ਮਾਰਗ ਜਾਮ ਕਰਕੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਪਹੁੰਚੇ ਡੀਐੱਸਪੀ ਆਦਮਪੁਰ ਰਾਜੀਵ ਕੁਮਾਰ ਤੇ ਥਾਣਾ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ।