ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਪਰਿਵਾਰ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਥਾਣੇ ਦਾ ਘਿਰਾਓ ਸੜਕ ਹਾਦਸੇ ’ਚ ਨੌਜਵਾਨ ਦੀ ਮੌਤ, ਪਰਿਵਾਰ ਤੇ ਦੋਸਤਾਂ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣੇ ਦਾ ਘਿਰਾਓ
Publish Date: Sun, 11 Oct 2026 07:09 PM (IST)
Updated Date: Mon, 12 Oct 2026 04:05 AM (IST)
ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ 4 ਦੇ ਅਧੀਨ ਪੈਦੇ ਸ਼ਕਤੀ ਨਗਰ ’ਚ ਡਾ. ਬਾਂਸਲ ਦੇ ਕਲੀਨਿਕ ਦੇ ਬਾਹਰ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਤਣਾਅ ਵਧ ਗਿਆ ਹੈ। ਹਾਦਸੇ ’ਚ ਸਾਹਿਲ ਦੀ ਮੌਤ ਹੋਣ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਥਾਣਾ ਨੰਬਰ 4 ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ, ਪੁਲਿਸ ਉਨ੍ਹਾਂ ਤੇ ਅੰਤਿਮ ਸੰਸਕਾਰ ਕਰਨ ਲਈ ਦਬਾਅ ਪਾ ਰਹੀ ਸੀ। ਮ੍ਰਿਤਕ ਦੇ ਦੋਸਤ ਸੰਗਮ ਨੇ ਦੱਸਿਆ ਕਿ ਸਾਹਿਲ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਪਰਿਵਾਰ ਤੇ ਦੋਸਤ ਖੁਦ ਮੁਲਜ਼ਮ ਦੀ ਭਾਲ ਕਰ ਰਹੇ ਸਨ ਤੇ ਪੁਲਿਸ ਨੂੰ ਲੋੜੀਂਦੀ ਜਾਣਕਾਰੀ ਦੇ ਰਹੇ ਸਨ ਤਾਂ ਵੀ ਮੁਲਜ਼ਮ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਉਸਨੇ ਮੰਗ ਕੀਤੀ ਕਿ ਪੁਲਿਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਐੱਫਆਈਆਰ ’ਚ ਮੁਲਜ਼ਮ ਦਾ ਨਾਂ ਦਰਜ ; ਗ੍ਰਿਫ਼ਤਾਰੀ ਲਈ ਟੀਮ ਰਵਾਨਾ ਇਸ ਦੌਰਾਨ, ਥਾਣਾ ਨੰਬਰ 4 ਦੇ ਐੱਸਐੱਚਓ ਅਜਮੇਰ ਲਾਲ ਨੇ ਦੱਸਿਆ ਕਿ ਬੀਤੇ ਦਿਨ ਇਕ ਐਕਟਿਵਾ ਸਕੂਟਰ ਤੇ ਬੁਲੇਟ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ ਸੀ, ਜਿਸ ’ਚ ਸਾਹਿਲ ਜ਼ਖ਼ਮੀ ਹੋ ਗਿਆ ਸੀ। ਉਸਨੂੰ ਇਲਾਜ ਲਈ ਅਰਮਾਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਚਓ ਅਨੁਸਾਰ, ਪੁਲਿਸ ਨੇ ਇਸ ਮਾਮਲੇ ’ਚ ਮਖਦੂਮਪੁਰਾ ਦੇ ਰਹਿਣ ਵਾਲੇ ਹਰਸ਼ ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀ ਇਕ ਟੀਮ ਭੇਜੀ ਗਈ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।