
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੰਡੂ ਸਿੰਘਾ 'ਚ ਨੌਜਵਾਨ ਨੇ ਕੀਤੀ ਆਤਮਹੱਤਿਆ

-ਸੀਆਈਏ ਦੇ ਇੰਸਪੈਕਟਰ 'ਤੇ ਕੁੱਟਣ ਤੇ ਧਮਕਾਉਣ ਦੇ ਇਲਜ਼ਾਮ
-ਡੀਐੱਸਪੀ ਆਦਮਪੁਰ ਤੇ ਐੱਸਐੱਚਓ ਨੇ ਮੌਕੇ ’ਤੇ ਪੁੱਜ ਕੇ ਆਰੰਭੀ ਜਾਂਚ
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪਿੰਡ ਜੰਡੂ ਸਿੰਘਾ ’ਚ ਇਕ ਨੌਜਵਾਨ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਉਮਰ ਕਰੀਬ 36 ਸਾਲ ਵਾਸੀ ਡੱਲਾ ਪੱਟੀ, ਪਿੰਡ ਜੰਡੂ ਸਿੰਘਾ ਵਜੋਂ ਹੋਈ ਹੈ। ਸੂਚਨਾ ਮਿਲਦਿਆਂ ਦੀ ਡੀਐੱਸਪੀ ਆਦਮਪੁਰ ਰਾਜੀਵ ਕੁਮਾਰ, ਐੱਸਐੱਚਓ ਆਦਮਪੁਰ ਪੰਕਜ ਕੁਮਾਰ ਭਨੋਟ ਤੇ ਚੌਕੀ ਜੰਡੂ ਸਿੰਘਾ ਏਐੱਸਆਈ ਸੁਭਾਸ਼ ਭਗਤ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਮਾਤਾ ਸੁਖਵਿੰਦਰ ਕੌਰ, ਭੈਣ ਪਰਮਜੀਤ ਕੌਰ, ਭਰਾ ਹਰਵਿੰਦਰ ਸਿੰਘ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ 18 ਅਗਸਤ ਨੂੰ ਸੀਆਈਏ ਸਟਾਫ 'ਚ ਬਤੌਰ ਇੰਸਪੈਕਟਰ ਸੇਵਾਵਾਂ ਦੇ ਰਹੇ ਪਿੰਡ ਜੰਡੂ ਸਿੰਘਾ ਦੇ ਹੀ ਰਹਿਣ ਵਾਲੇ ਨਵਜੋਤ ਸਿੰਘ ਸੰਘਾ ਨੇ ਰੰਜਿਸ਼ਨ ਦਵਿੰਦਰ ਸਿੰਘ ਨੂੰ ਘਰ ਆ ਕੇ ਕੁੱਟਿਆ ਤੇ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ। ਪ੍ਰੇਸ਼ਾਨ ਹੋਏ ਦਵਿੰਦਰ ਸਿੰਘ ਨੇ ਦੋ ਦਿਨ ਪਹਿਲਾਂ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਇੱਕ ਵੀਡੀਓ ਵੀ ਫੋਨ 'ਚ ਬਣਾਈ ਸੀ ਪਰ ਉਸ ਵੇਲੇ ਪਰਿਵਾਰ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਉਸ ਨੂੰ ਸਮਝਾਇਆ ਗਿਆ ਪਰ ਅੱਜ ਸਵੇਰੇ ਉਸਦੀ ਲਾਸ਼ ਘਰ ਦੇ ਪਿੱਛੇ ਡੇਕ ਦੇ ਦਰੱਖਤ ਨਾਲ ਲਟਕਦੀ ਮਿਲੀ।
ਪਰਿਵਾਰ ਮੁਤਾਬਕ ਮ੍ਰਿਤਕ ਦਵਿੰਦਰ ਸਿੰਘ ਦੇ ਹੱਥੀਂ ਲਿਖਿਆ ਗਿਆ ਇਕ ਨੋਟ ਵੀ ਮਿਲਿਆ ਹੈ, ਜਿਸ ’ਚ ਉਸ ਨੇ ਮੌਤ ਲਈ ਇੰਸਪੈਕਟਰ ਨਵਜੋਤ ਸਿੰਘ ਸੰਘਾ ਸੀਆਈਏ ਸਟਾਫ ਹੁਸ਼ਿਆਰਪੁਰ, ਜਸਕਰਨ ਸਿੰਘ ਤੇ ਤਨਵੀਰ ਕੌਰ ਸਾਰੇ ਵਾਸੀ ਜੰਡੂ ਸਿੰਘਾ ਤੇ ਕਾਜਲਪ੍ਰੀਤ ਵਾਸੀ ਬੱਲ ਕਲਾਂ, ਅੰਮ੍ਰਿਤਸਰ ਨੂੰ ਜ਼ਿੰਮੇਵਾਰ ਦੱਸਿਆ ਹੈ। ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਹੈ। ਉਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਫਿਲਹਾਲ ਦੀ ਘੜੀ ਡੀਐੱਸਪੀ ਆਦਮਪੁਰ ਦੇ ਭਰੋਸੇ ਤੋਂ ਬਾਅਦ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਜਲੰਧਰ ’ਚ ਰਖਵਾ ਦਿੱਤਾ ਹੈ। ਜਦੋਂ ਤੱਕ ਪੁਲਿਸ ਉਕਤ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਉਦੋਂ ਤੱਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਨਾ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।
ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਥਾਣਾ ਆਦਮਪੁਰ ਵਿਖੇ ਉਕਤ ਮੁਲਜ਼ਮਾਂ ਖਿਲਾਫ਼ ਬੀਐੱਨਐੱਸ ਦੀ ਧਾਰਾ 108, 3(5) ਅਧੀਨ ਐੱਫਆਈਆਰ ਨੰਬਰ 0184 ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਸਬ-ਡਵੀਜ਼ਨ ਆਦਮਪੁਰ ਰਾਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਦੇ ਆਧਾਰ 'ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।