
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵੰਦੇ ਮਾਤਰਮ ਦੇ ਸਨਮਾਨ ਵਿੱਚ ਯੁਵਾ ਭਾਜਪਾ ਵੱਲੋਂ ਕਾਂਗਰਸ ਭਵਨ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ

ਵੰਦੇ ਮਾਤਰਮ ਦਾ ਅਪਮਾਨ ਕਰਨ ਦੇ ਵਿਰੋਧ ’ਚ ਭਾਰਤੀ ਜਨਤਾ ਯੁਵਾ ਮੋਰਚਾ ਨੇ ਕੀਤੀ ਨਾਅਰੇਬਾਜ਼ੀ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ
ਜਲੰਧਰ : ਭਾਰਤੀ ਜਨਤਾ ਯੁਵਾ ਮੋਰਚਾ ਵੱਲੋਂ ਵੰਦੇ ਮਾਤਰਮ ਦੇ ਗਾਇਨ ’ਚ ਕਥਿਤ ਤੌਰ ’ਤੇ ਰੁਕਾਵਟ ਪੈਦਾ ਕਰਨ ਅਤੇ ਰਾਸ਼ਟਰੀ ਗੀਤ ਦੇ ਅਪਮਾਨ ਦੇ ਵਿਰੋਧ ’ਚ ਕਾਂਗਰਸੀ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਮੱਲਿਕਾਰਜੁਨ ਖੜਗੇ ਖ਼ਿਲਾਫ਼ ਕਾਂਗਰਸ ਭਵਨ ਦੇ ਬਾਹਰ ਸੈਂਕੜਿਆਂ ਨੌਜਵਾਨਾਂ ਨਾਲ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੁਵਾ ਵਰਕਰਾਂ ਨੇ ਕਾਂਗਰਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਭਾਰੀ ਪੁਲਿਸ ਤਾਇਨਾਤੀ ਦੇ ਬਾਵਜੂਦ ਸੜਕ ਦੇ ਵਿਚਕਾਰ ਸਮੂਹਿਕ ਤੌਰ ’ਤੇ ਵੰਦੇ ਮਾਤਰਮ ਦਾ ਗਾਇਨ ਕਰ ਕੇ ਰਾਸ਼ਟਰੀ ਗੀਤ ਪ੍ਰਤੀ ਆਪਣਾ ਸਤਿਕਾਰ ਪ੍ਰਗਟ ਕੀਤਾ। ਇਸ ਪ੍ਰਦਰਸ਼ਨ ਦੀ ਅਗਵਾਈ ਜ਼ਿਲ੍ਹਾ ਉਪ ਪ੍ਰਧਾਨ ਪੰਕਜ ਲੂਥਰਾ, ਮਹਾਮੰਤਰੀ ਸੂਰਿਆ ਮਿਸ਼ਰਾ, ਵਰੁਣ ਦੁਬੇ, ਯੁਵਾ ਆਗੂ ਹਿਮਾਂਸ਼ੂ ਸ਼ਰਮਾ ਤੇ ਯੁਵਾ ਆਗੂ ਡਿੰਪੀ ਲੁਭਾਣਾ ਨੇ ਕੀਤੀ।
ਪ੍ਰਦਰਸ਼ਨ ’ਚ ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸਾਬਕਾ ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਮਿੰਟਾ ਕੋਛੜ, ਸੰਜੀਵ ਮਨੀ ਤੇ ਬਲਜੀਤ ਪ੍ਰਿੰਸ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਦੇਸ਼ਭਗਤੀ, ਸੰਵਿਧਾਨ ਤੇ ਰਾਸ਼ਟਰੀ ਪ੍ਰਤੀਕਾਂ ਦੇ ਸਨਮਾਨ ਲਈ ਸਦਾ ਵਚਨਬੱਧ ਹੈ। ਰਾਜਨੀਤਿਕ ਮਤਭੇਦ ਆਪਣੀ ਜਗ੍ਹਾ ਹੋ ਸਕਦੇ ਹਨ, ਪਰ ਰਾਸ਼ਟਰ ਤੇ ਰਾਸ਼ਟਰੀ ਸਨਮਾਨ ਦੇ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਯੁਵਾ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਅੱਜ ਦਾ ਇਹ ਰੋਸ ਪ੍ਰਦਰਸ਼ਨ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ, ਸਗੋਂ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਦੇ ਸਨਮਾਨ ਦੀ ਆਵਾਜ਼ ਹੈ। ਯੁਵਾ ਭਾਜਪਾ ਵਰਕਰ ਰਾਸ਼ਟਰ ਹਿੱਤ ਦੇ ਮੁੱਦਿਆਂ ’ਤੇ ਲੋਕਤਾਂਤਰੀ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਪੰਕਜ ਸਾਰੰਗਲ, ਅੰਕਿਤ ਕੋਛੜ, ਵਰੁਣ ਦੁਬੇ, ਚਿਰਾਗ, ਗੌਰਵ ਰਾਏ, ਹਰਪ੍ਰੀਤ ਸਿੰਘ, ਸੂਰਜ ਸੰਗਰ, ਕਾਰਤਿਕ ਦੁੱਗਲ, ਮੋਹਿਤ ਭਗਤ, ਅਰਜੁਨ ਸਿੰਘ ਹੈਪੀ, ਸੰਨੀ ਸ਼ਰਮਾ, ਵਰੁਣ ਨਾਗਪਾਲ, ਨਸੀਬ ਬੁੱਗਾ ਮੌਜੂਦ ਸਨ।