ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਰਿਸ਼ਤੇਦਾਰ ਦੇ ਘਰ ਆਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
Publish Date: Sat, 25 Jul 2026 08:42 PM (IST)
Updated Date: Sat, 25 Jul 2026 08:43 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਪਿੰਡ ਰੁੜਕੀ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਆਏ ਪਿੰਡ ਮੀਉਵਾਲ ਦੇ 20 ਸਾਲਾ ਨੌਜਵਾਨ ਜਸ਼ਨਦੀਪ ਲੋਈ ਪੁੱਤਰ ਅਮਰਜੀਤ ਦੀ ਸ਼ੱਕੀ ਹਾਲਤ ਚ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੀ ਮਾਤਾ ਗੁਰਪ੍ਰੀਤ ਕੌਰ ਤੇ ਭਰਾ ਸੁਰਖਾਬ ਕੁਮਾਰ ਨੇ ਦੱਸਿਆ ਕਿ ਜਸ਼ਨਦੀਪ ਨੂੰ ਬੀਤੇ ਦਿਨ ਦੁਪਹਿਰ ਤਕਰੀਬਨ 3 ਵਜੇ ਉਸ ਦੀ ਮਾਸੀ ਦਾ ਮੁੰਡਾ ਪਿੰਡ ਮੀਉਵਾਲ ਤੋਂ ਪਿੰਡ ਰੁੜਕੀ ਕਿਸੇ ਕੰਮ ਲਈ ਨਾਲ ਲੈ ਕੇ ਗਿਆ ਸੀ। ਇਸ ਤੋਂ ਬਾਅਦ ਰਾਤ 8:15 ਵਜੇ ਪਰਿਵਾਰ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਕਿ ਜਸ਼ਨਦੀਪ ਟਰੈਕਟਰ ਤੋਂ ਡਿੱਗ ਗਿਆ ਹੈ ਤੇ ਟਰੈਕਟਰ ਉਸ ਉੱਪਰ ਚੜ੍ਹ ਜਾਣ ਕਾਰਨ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਸ ਨੂੰ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ ਹੈ। ਮਾਮਲਾ ਉਸ ਸਮੇਂ ਸ਼ੱਕੀ ਬਣ ਗਿਆ ਜਦੋਂ ਦੇਰ ਰਾਤ ਪਰਿਵਾਰ ਨੂੰ ਬਿਨਾਂ ਦੱਸੇ ਮ੍ਰਿਤਕ ਦੀ ਦੇਹ ਨੂੰ ਪਿੰਡ ਰੁੜਕੀ ਤੋਂ ਸਵੀਫਟ ਗੱਡੀ (ਨੰਬਰ: ਪੀਬੀ-32-ਪੀ-3355) ’ਚ ਲਿਆ ਕੇ ਪਿੰਡ ਮੀਉਵਾਲ ’ਚ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪਿੰਡ ਦੇ ਇਕ ਨੌਜਵਾਨ ਦੀ ਨਿਗ੍ਹਾ ਉਨ੍ਹਾਂ ਤੇ ਪੈ ਗਈ ਤੇ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ 3 ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ, ਜਦਕਿ 2 ਔਰਤਾਂ ਨੂੰ ਗੱਡੀ ਸਮੇਤ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਬੂ ਕੀਤੀਆਂ ਗਈਆਂ ਦੋਵਾਂ ਔਰਤਾਂ ਤੇ ਗੱਡੀ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਉਨ੍ਹਾਂ ਨੂੰ ਥਾਣਾ ਬਿਲਗਾ ਵਿਖੇ ਲਿਆਂਦਾ ਗਿਆ ਹੈ। ਪਰਿਵਾਰ ਨੇ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਵਾਉਂਦਿਆਂ ਇਸ ਮਾਮਲੇ ’ਚ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਕੂਹਾ ਥਾਣਾ ਗੁਰਾਇਆ ਅਧੀਨ ਆਉਦੇ ਪਿੰਡ ਰੁੜਕੀ ਦਾ ਹੋਣ ਕਰਕੇ ਮਾਮਲਾ ਥਾਣਾ ਗੁਰਾਇਆ ਵਿਖੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਚੌਕੀ ਇੰਚਾਰਜ ਰੁੜਕਾ ਕਲਾਂ ਅਮਨਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਦੱਸਿਆ ਕਿ ਇਸ ਸਬੰਧੀ ਪਰਿਵਾਰਕ ਮੈਂਬਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਾਇਆ ਥਾਣਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।