ਕਾਰ ਨੇ ਸਕੂਟਰ ਨੂੰ ਮਾਰੀ ਟੱਕਰ, ਸਵਾਰ ਗੰਭੀਰ ਜ਼ਖ਼ਮੀ ਐਕਸਯੂਵੀ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਸਵਾਰ ਗੰਭੀਰ ਜ਼ਖ਼ਮੀ
Publish Date: Sat, 25 Jul 2026 08:29 PM (IST)
Updated Date: Sat, 25 Jul 2026 08:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਬਿਆਸ ਨੇੜੇ ਸ਼ਨਿਚਰਵਾਰ ਸ਼ਾਮ ਇਕ ਐਕਸਯੂਵੀ ਕਾਰ ਵੱਲੋਂ ਐਕਟਿਵਾ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਸਕੂਟਰ ਸਵਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਸੜਕ ਸੁਰੱਖਿਆ ਫੋਰਸ (ਐੱਸਐੱਸਐੱਫ) ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 5:40 ਵਜੇ ਐੱਮਡੀਟੀ ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ਤੇ ਪਹੁੰਚੀ। ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਾਰ (ਨੰਬਰ ਪੀਬੀ-78-ਏ-7999), ਜਿਸ ਨੂੰ ਅਮਨਜੋਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਵੀਕਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਚਲਾ ਰਿਹਾ ਸੀ, ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਸੀ। ਅੱਡਾ ਬਿਆਸ ਨੇੜੇ ਇਸ ਦੀ ਟੱਕਰ ਸਕੂਟਰ (ਨੰਬਰ ਪੀਬੀ-08-ਡੀਐੱਮ-3943) ਨਾਲ ਹੋ ਗਈ, ਜਿਸ ਨੂੰ ਪ੍ਰਭ ਦਿਆਲ ਉਰਫ਼ ਬਾਵਾ ਪੁੱਤਰ ਸ਼ਰਧਾ ਰਾਮ ਵਾਸੀ ਅਲਾਵਲਪੁਰ ਚਲਾ ਰਿਹਾ ਸੀ। ਹਾਦਸੇ ’ਚ ਐਕਟਿਵਾ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ਤੇ ਮੌਜੂਦ ਲੋਕਾਂ ਤੇ ਰਾਹਗੀਰਾਂ ਦੇ ਅਨੁਸਾਰ ਐਕਟਿਵਾ ਸਵਾਰ ਆਪਣੇ ਰੋਡ ’ਚ ਜਾ ਰਿਹਾ ਸੀ ਤੇ ਅੱਡਾ ਬਿਆਸ ਨੇੜੇ ਅਚਾਨਕ ਸੱਜੇ ਪਾਸੇ ਪਿੰਡ ਬਿਆਸ ਵੱਲ ਮੁੜਿਆ, ਜਿਸ ਦੌਰਾਨ ਪਿੱਛੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੇ ਚੜ੍ਹ ਗਈ ਤੇ ਉਸ ਦਾ ਇਕ ਟਾਇਰ ਫਟ ਗਿਆ। ਐੱਸਐੱਸਐੱਫ ਦੀ ਟੀਮ ਨੇ ਜ਼ਖ਼ਮੀ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ। ਹਾਦਸੇ ਸਬੰਧੀ ਪੁਲਿਸ ਚੌਕੀ ਅਲਾਵਲਪੁਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।