ਲੇਖਕ ਭਾਈਚਾਰੇ ਨੇ ਦਿੱਤਾ ਸਰਕਾਰ ਵਿਰੁੱਧ ਵਿਖਾਵਿਆਂ ਦਾ ਸੱਦਾ ਪਾਸ਼ ਦੇ ਪਿੰਡ ਦੇ ਸਰਪੰਚ ਖ਼ਿਲਾਫ਼ ਕੇਸ ਦਰਜ ਨਾ ਹੋਣ ’ਤੇ ਸਰਕਾਰ ਵਿਰੁੱਧ ਵਿਖਾਵਿਆਂ ਦਾ ਲੇਖਕ ਭਾਈਚਾਰੇ ਵੱਲੋਂ ਸੱਦਾ
Publish Date: Tue, 06 Oct 2026 07:55 PM (IST)
Updated Date: Tue, 06 Oct 2026 07:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਹਾਣੀਕਾਰ ਤੇ ਮਜ਼ਦੂਰ ਆਗੂ ਹਰਮੇਸ਼ ਮਾਲੜੀ ਨਾਲ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ, ਹਮਲਾ ਕਰਨ ਤੇ ਜਨਮ ਦਿਹਾੜੇ ਦੇ ਸਮਾਗਮ ਦੀ ਤਿਆਰੀ ਕਰ ਰਹੇ ਕਾਰਕੁਨਾਂ ਦੇ ਮੋਬਾਈਲ ਫੋਨ ਖੋਹਣ ਦੇ ਮਾਮਲੇ ’ਚ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ, ਰੰਗਕਰਮੀਆਂ ਤੇ ਕਵੀਆਂ ਦੀ ਵਿਸ਼ੇਸ਼ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਈ। ਕੇਂਦਰੀ ਲੇਖਕ ਸਭਾ (ਸੇਖੋਂ) ਦੇ ਸੀਨੀਅਰ ਆਗੂ ਸੰਧੂ ਵਰਿਆਣਵੀ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾ. ਪਰਮਿੰਦਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਤੇ ਪਾਸ਼ ਟਰੱਸਟ ਦੇ ਮੈਂਬਰ ਗੁਰਮੀਤ ਸਿੰਘ ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ’ਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਮਾਮਲੇ ਨੂੰ ਲੈ ਕੇ 9 ਅਕਤੂਬਰ ਨੂੰ ਨਕੋਦਰ (ਜਲੰਧਰ), 14 ਅਕਤੂਬਰ ਨੂੰ ਸੰਧਵਾਂ (ਫਰੀਦਕੋਟ) ਤੇ 15 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਕੀਤੇ ਜਾਣ ਵਾਲੇ ਵਿਖਾਵਿਆਂ ਨੂੰ ਸਫ਼ਲ ਬਣਾਉਣ ਲਈ ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ, ਕਵੀਆਂ, ਰੰਗਕਰਮੀਆਂ, ਤਰਕਸ਼ੀਲਾਂ, ਜਮਹੂਰੀਅਤ ਪਸੰਦ ਲੋਕਾਂ ਤੇ ਜਨਤਕ ਜਥੇਬੰਦੀਆਂ ਨੂੰ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋ. ਸੰਧੂ ਵਰਿਆਣਵੀ, ਪ੍ਰੋ. ਤੇਜਿੰਦਰ ਵਿਰਲੀ, ਹਰਵਿੰਦਰ ਭੰਡਾਲ, ਡਾ. ਸੈਲੇਸ਼, ਸੁਰਜੀਤ ਜੱਜ, ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਕਸ਼ਮੀਰ ਘੁੱਗਸ਼ੋਰ, ਕਵੀ ਕੁਲਵੰਤ ਕੌਰ ਨਗਰ, ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਪੱਪੀ ਤੇ ਪ੍ਰਧਾਨ ਅਮੋਲਕ ਸਿੰਘ ਨੇ ਲੇਖਕ ਭਾਈਚਾਰੇ ਨੂੰ ਇਨ੍ਹਾਂ ਵਿਖਾਵਿਆਂ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਪ੍ਰੋ. ਗੋਪਾਲ ਬੁੱਟਰ, ਮੱਖਣ ਮਾਨ, ਕੁਲਬੀਰ ਸੰਘੇੜਾ, ਸੁਰਿੰਦਰ ਕੌਰ ਸੰਘੇੜਾ ਤੇ ਪ੍ਰਸ਼ੋਤਮ ਸਮੇਤ ਹੋਰ ਸਾਹਿਤਕਾਰ ਤੇ ਬੁੱਧੀਜੀਵੀ ਹਾਜ਼ਰ ਸਨ। ਮੀਟਿੰਗ ’ਚ ਮੰਗ ਕੀਤੀ ਗਈ ਕਿ ਹਰਮੇਸ਼ ਮਾਲੜੀ ਨਾਲ ਕਥਿਤ ਤੌਰ ’ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਸਰਪੰਚ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਮਾਮਲਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ’ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਤੇ ਇਸ ਕੰਪਲੈਕਸ ਨੂੰ ਸਰਕਾਰੀ ਤੌਰ ’ਤੇ ਯਾਦਗਾਰ ਐਲਾਨ ਕੇ ਇਸ ਦੀ ਮਾਣ-ਮਰਿਆਦਾ ਤੇ ਸਾਂਭ-ਸੰਭਾਲ ਦੀ ਪੱਕੀ ਵਿਵਸਥਾ ਕਰਨ ਦੀ ਵੀ ਮੰਗ ਕੀਤੀ ਗਈ।