ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤ ਤੋੜੇ ਜਾਣ ਖ਼ਿਲਾਫ਼ 27 ਨੂੰ ਆਵਾਜ਼ ਬੁਲੰਦ ਕਰੇਗਾ ਵਿਸ਼ਵ ਰੰਗਮੰਚ ਦਿਹਾੜਾ ਸਮਾਗਮ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਆਜ਼ਾਦੀ ਸੰਗਰਾਮ ਦੇ ਇਤਿਹਾਸ ਅੰਦਰ 9 ਅਗਸਤ 1925 ਦਾ ਦਿਹਾੜਾ ਕਾਕੋਰੀ (ਉੱਤਰ ਪ੍ਰਦੇਸ਼) ਕਾਂਡ ਨੂੰ ਬੁੱਕਲ ’ਚ ਸਮੋਈ ਬੈਠਾ ਹੈ। ਉੱਤਰ ਪ੍ਰਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ 19 ਦਸੰਬਰ ਨੂੰ ਫਾਂਸੀ ਲੱਗਣ ਵਾਲੇ ਸ਼ਹੀਦ ਅਸ਼ਫ਼ਾਕ਼ ਉੱਲਾ ਖਾਂ, ਸ਼ਹੀਦ ਰਾਮ ਪ੍ਰਸਾਦ ਬਿਸਮਿਲ ਤੇ ਸ਼ਹੀਦ ਠਾਕੁਰ ਰੌਸ਼ਨ ਸਿੰਘ ਦੀ ਯਾਦ ’ਚ ਸ਼ਾਹਜਹਾਂਪੁਰ ਯੂਪੀ ਦੇ ਪਾਰਕ ’ਚ ਲੱਗੇ ਬੁੱਤਾਂ ਨੂੰ ਮਲੀਆ ਮੇਟ ਕਰਕੇ ਸ਼ਹਿਰ ਦੇ ਮਲਬੇ ਦੇ ਮਹਾਂਡੰਪ ’ਚ ਸੁੱਟ ਦਿੱਤੇ ਜਾਣ ਦੀ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕਮੇਟੀ ਦਾ ਕਹਿਣਾ ਹੈ ਕਿ ਸ਼ਹੀਦ ਅਸ਼ਫ਼ਾਕ਼ ਉੱਲਾ ਖਾਂ ਦੇ ਪੜਪੋਤਰੇ ਜਿਸਦਾ ਨਾਮ ਪਰਿਵਾਰ ਨੇ ਅਸ਼ਫਾਕ ਉੱਲਾ ਖਾਂ ਰੱਖਿਆ ਹੈ
ਉਨ੍ਹਾਂ ’ਤੇ ਯੂਪੀ ਦੇ ਨਾਮਵਰ ਵਿਦਵਾਨ ਲੇਖਕ ਸੁਧੀਰ ਵਿਦਿਆਰਥੀ, ਹਿਮਾਂਸ਼ੂ ਕੁਮਾਰ, ਪ੍ਰੋ. ਵੇਦ ਵਟੁਕ ਨੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ਼ ਫ਼ੋਨ ’ਤੇ ਗੱਲਬਾਤ ਕਰਦਿਆਂ ਤੇ ਉੱਤਰ ਪ੍ਰਦੇਸ਼ ਦੇ ਨਾਮਵਰ ਲੇਖਕ ਸੁਧੀਰ ਵਿਦਿਆਰਥੀ ਤੇ ਹਿਮਾਂਸ਼ੂ ਕੁਮਾਰ ਨੇ ਦੱਸਿਆ ਕਿ ਜਦੋਂ ਦੇਸ਼ ਦੁਨੀਆ ਅੰਦਰ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਸੀ ਉਸੇ ਦਿਨ ਸਰਘੀ ਵੇਲੇ ਬਿਨਾਂ ਕਿਸੇ ਸੂਚਨਾ ਦੇ ਇਸ ਪਾਰਕ ’ਚ ਲੱਗੇ ਬੁੱਤਾਂ ਨੂੰ ਮਲੀਆ ਮੇਟ ਕਰ ਦਿੱਤਾ ਗਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਕੋਈ ਅਚਨਚੇਤ ਜਾਂ ਕਿਸੇ ਤਕਨੀਕੀ ਕਿਸਮ ਦੀ ਗਲਤੀ ਕਾਰਨ ਨਹੀਂ ਵਾਪਰਿਆ ਇਹ ਭਾਜਪਾ ਦੇ ਉਸ ਏਜੰਡੇ ਦਾ ਹਿੱਸਾ ਹੈ, ਜਿਸ ’ਚ ਉਹ ਇਨਕਲਾਬੀ ਇਤਿਹਾਸ, ਯਾਦਗਾਰਾਂ ਸਾਹਿਤ, ਮਿਊਜ਼ੀਅਮ ਤੇ ਹੋਰ ਉਹ ਨਿਸ਼ਾਨੀਆਂ ਨੂੰ ਮਿਟਾਉਣ ਲਈ ਹਰ ਹਰ ਹਰਬਾ ਵਰਤਿਆ ਜਾ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਵੱਲੋਂ ਇਲਜ਼ਾਮ ਲਾਇਆ ਹੈ ਕਿ ਜਿਉਂ-ਜਿਉਂ ਸਾਮਰਾਜੀ ਤਾਕਤਾਂ ਤੇ ਉਨਾਂ ਦੀਆਂ ਬਹੁ ਕੌਮੀ ਕੰਪਨੀਆਂ ਤੇ ਦੇਸੀ ਅਜਾਰੇਦਾਰ ਕੰਪਨੀਆਂ ਦਾ ਗਲਬਾ ਵਧਦਾ ਜਾ ਰਿਹਾ ਹੈ ਤਿਉਂ ਤਿਉਂ ਹਾਕਮਾਂ ਨੂੰ ਇਹ ਭੈਅ ਖਾਂਦਾ ਹੈ ਕਿ ਸਾਮਰਾਜੀ ਕੰਪਨੀਆਂ ਤੇ ਉਨਾਂ ਦੀ ਸੇਵਾ 'ਚ ਭੁਗਤ ਰਹੇ ਭਾਰਤੀ ਹਾਕਮਾਂ ਖਿਲਾਫ ਮੁਲਕ ਅੰਦਰ ਵਿਆਪਕ ਰੋਹ ਪੈਦਾ ਹੋਣ ਜਾ ਰਿਹਾ ਹੈ। ਅਜਿਹੇ ਤੂਫ਼ਾਨਾਂ ਨੂੰ ਢੱਕਣ ਲਈ ਅਜਿਹੇ ਬੇਸ਼ਰਮੀ ਭਰੇ ਕਦਮ ਚੁੱਕੇ ਜਾ ਰਹੇ ਹਨ। ਕਮੇਟੀ ਨੇ ਸਮੂਹ ਜੱਥੇਬੰਦੀਆਂ ਤੇ ਪਰਿਵਾਰਾਂ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 27 ਮਾਰਚ ਨੂੰ ਮਨਾਏ ਜਾ ਰਹੇ ਵਿਸ਼ਵ ਰੰਗਮੰਚ ਦਿਹਾੜੇ ਮੌਕੇ ਪੁੱਜ ਕੇ ਕਾਕੋਰੀ ਕਾਂਡ ਦੇ ਸ਼ਹੀਦਾਂ ਦੇ ਬੁੱਤਾਂ ਨੂੰ ਤੋੜੇ ਜਾਣ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਿਰ ਜੋੜਨ ਦਾ ਸੱਦਾ ਦਿੱਤਾ ਹੈ।