- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਟੀ ਇੰਸਟੀਚਿਊਟ ਆਫ ਹਾਇਰ ਸਟੱਡੀਜ਼ ਵਿਖੇ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮਨਾਇਆ

-ਮਾਹਿਰਾਂ ਨੇ ਆਧੁਨਿਕ ਰਿਹੈਬਿਲੀਟੇਸ਼ਨ ਤਕਨੀਕਾਂ ਨਾਲ ਸਿਹਤ ਸੰਭਾਲ ਬਾਰੇ ਦਿੱਤੀ ਜਾਣਕਾਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਟੀ ਇੰਸਟੀਚਿਊਟ ਆਫ਼ ਹਾਇਰ ਸਟਡੀਜ਼, ਸ਼ਾਹਪੁਰ ਕੈਂਪਸ, ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਸ਼ਵ ਫਿਜ਼ਿਓਥੈਰੇਪੀ ਦਿਵਸ 2026 ਮਨਾਇਆ ਗਿਆ। ਇਸ ਮੌਕੇ ਹੱਡੀਆਂ ਤੇ ਜੋੜਾਂ ਦੇ ਇਲਾਜ, ਪੋਸ਼ਣ ਤੇ ਰੀੜ੍ਹ ਦੀ ਹੱਡੀ ਦੇ ਪੁਨਰਵਾਸ ਖੇਤਰ ਦੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕੀਤੇ ਗਏ। ਇਸ ਦੇ ਨਾਲ ਆਧੁਨਿਕ ਪੁਨਰਵਾਸ ਤਕਨਾਲੋਜੀ ਦਾ ਲਾਈਵ ਪ੍ਰਦਰਸ਼ਨ ਵੀ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਡਾ. ਨਿਤਿਸ਼ ਕਪਿਲ, ਮਾਹਿਰ ਆਰਥੋਪੀਡਿਕਸ, ਫੋਰਟਿਸ ਹਸਪਤਾਲ, ਜਲੰਧਰ ਨੇ “ਦਰਦ ਤੋਂ ਬਿਨਾਂ ਗਤੀਸ਼ੀਲਤਾ ਆਧੁਨਿਕ ਆਰਥੋਪੀਡਿਕ ਤਰੀਕਿਆਂ ਰਾਹੀਂ ਗਤੀ, ਕਾਰਜਸ਼ੀਲਤਾ ਤੇ ਸਿਹਤਯਾਬੀ” ਵਿਸ਼ੇ 'ਤੇ ਵਿਚਾਰ ਸਾਂਝੇ ਕਰਦਿਆਂ ਦਰਦ ਰਹਿਤ ਗਤੀਸ਼ੀਲਤਾ, ਕਾਰਜਸ਼ੀਲਤਾ ਤੇ ਆਧੁਨਿਕ ਆਰਥੋਪੀਡਿਕ ਇਲਾਜ ਪੱਧਤੀਆਂ ਬਾਰੇ ਜਾਣਕਾਰੀ ਦਿੱਤੀ।
ਡਾਇਟੀਸ਼ੀਅਨ ਸਾਕਸ਼ੀ, ਮੁਖੀ, ਪੋਸ਼ਣ ਤੇ ਖੁਰਾਕ ਵਿਗਿਆਨ ਵਿਭਾਗ, ਫੋਰਟਿਸ ਹਸਪਤਾਲ ਨੇ “ਆਪਣੇ ਸਰੀਰ ਨੂੰ ਪੋਸ਼ਣ ਦਿਓ, ਆਪਣੀ ਸਿਹਤ ਬਣਾਓ” ਵਿਸ਼ੇ ਰਾਹੀਂ ਹੱਡੀਆਂ ਤੇ ਮਾਸਪੇਸ਼ੀਆਂ ਦੀ ਸਿਹਤ, ਸਿਹਤਯਾਬੀ ਤੇ ਸਮੁੱਚੀ ਤੰਦਰੁਸਤੀ ’ਚ ਸੰਤੁਲਿਤ ਪੋਸ਼ਣ ਦੀ ਭੂਮਿਕਾ ਬਾਰੇ ਦੱਸਿਆ। ਇਸੇ ਤਰ੍ਹਾਂ ਗੁਰਵਿੰਦਰ, ਸੰਸਥਾਪਕ, ਗੁਰਜੋਤ ਸਪਾਈਨਲ ਰਿਹੈਬ ਸੈਂਟਰ ਨੇ ਰੀੜ੍ਹ ਦੀ ਹੱਡੀ ਦੇ ਪੁਨਰਵਾਸ ਤੇ ਸਿਹਤਯਾਬੀ ਨਾਲ ਸਬੰਧਤ ਅਹਿਮ ਪੱਖਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਅਮਨ ਸ਼ਰਮਾ, ਉੱਤਰੀ ਭਾਰਤ ਖੇਤਰੀ ਵਿਕਰੀ ਪ੍ਰਬੰਧਕ, ਐਵਾਨੋਸ ਮੈਡੀਕਲ, ਅਮਰੀਕਾ ਤੇ ਗੇਮ ਰੈਡੀ ਟੀਮ ਨੇ ਨਿਯੰਤਰਿਤ ਠੰਢ, ਗਰਮੀ, ਤਾਪਮਾਨੀ ਬਦਲਾਅ ਤੇ ਸਰਗਰਮ ਦਬਾਅ ਵਰਗੀਆਂ ਆਧੁਨਿਕ ਤਕਨੀਕਾਂ ਦੇ ਉਪਯੋਗ ਦਾ ਪ੍ਰਦਰਸ਼ਨ ਕੀਤਾ। ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਫਿਜ਼ਿਓਥੈਰੇਪੀ ’ਚ ਵਿਕਸਤ ਹੋ ਰਹੀਆਂ ਤਕਨੀਕਾਂ ਦੀ ਵਿਹਾਰਕ ਜਾਣਕਾਰੀ ਮਿਲੀ। ਪ੍ਰੋਗਰਾਮ ’ਚ ਬੈਚਲਰ ਆਫ਼ ਫਿਜ਼ਿਓਥੈਰੇਪੀ ਦੇ ਸਾਰੇ ਸਾਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਡਾ. ਜਯਾਸ਼ੀਸ਼ ਸੇਠੀ ਨੇ ਕਿਹਾ, ‘ਫਿਜ਼ਿਓਥੈਰੇਪੀ ਆਧੁਨਿਕ ਸਿਹਤ ਸੇਵਾਵਾਂ ਦਾ ਇਕ ਅਹਿਮ ਹਿੱਸਾ ਬਣ ਚੁੱਕੀ ਹੈ। ਇਹ ਸਿਰਫ਼ ਸਿਹਤਯਾਬੀ ’ਚ ਹੀ ਨਹੀਂ, ਸਗੋਂ ਬਿਮਾਰੀਆਂ ਤੋਂ ਬਚਾਅ ਤੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਲਈ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।’ ਪ੍ਰੋਗਰਾਮ ਦੀ ਸ਼ੁਰੂਆਤ ਹਰਿਆਵਲੀ ਸਵਾਗਤ ਤੇ ਰਵਾਇਤੀ ਦੀਪ ਪ੍ਰਜਵਲਨ ਸਮਾਗਮ ਨਾਲ ਹੋਈ। ਇਸ ਮੌਕੇ ਡਾ. ਜਯਾਸ਼ੀਸ਼ ਸੇਠੀ, ਕੈਂਪਸ ਨਿਰਦੇਸ਼ਕ, ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਸ਼ਾਹਪੁਰ ਕੈਂਪਸ ਡਾ. ਸੀਮਾ ਅਰੋੜਾ, ਪ੍ਰਿੰਸੀਪਲ, ਸੀਟੀ ਇੰਸਟੀਚਿਊਟ ਆਫ਼ ਹਾਇਰ ਸਟਡੀਜ ਤੇ ਡਾ. ਅਰੁਣ, ਮੁਖੀ, ਫਿਜ਼ਿਓਥੈਰੇਪੀ ਵਿਭਾਗ, ਸਮੇਤ ਫੈਕਲਟੀ ਮੈਂਬਰ ਮੌਜੂਦ ਰਹੇ।