ਦੋਆਬਾ ਕਾਲਜ ’ਚ ਭਾਰਤੀ ਗਿਆਨ ਪ੍ਰਣਾਲੀ ’ਤੇ ਵਰਕਸ਼ਾਪ ਕਰਵਾਈ
ਦੋਆਬਾ ਕਾਲਜ ’ਚ ਭਾਰਤੀ ਗਿਆਨ ਪ੍ਰਣਾਲੀ ’ਤੇ ਵਰਕਸ਼ਾਪ ਕਰਵਾਈ
Publish Date: Mon, 16 Feb 2026 07:41 PM (IST)
Updated Date: Mon, 16 Feb 2026 07:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੋਆਬਾ ਕਾਲਜ ਦੀ ਇੰਸਟੀਟਿਊਸ਼ਨਸ ਇਨੋਵੇਸ਼ਨ ਕੌਂਸਲ ਵੱਲੋਂ ਭਾਰਤੀ ਗਿਆਨ ਪ੍ਰਣਾਲੀ ਵਿਸ਼ੇ ’ਤੇ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਡਾ. ਸ਼੍ਰੀਕਾਂਤ ਪੀ ਕਲੂਰਕਰ (ਸਲਾਹਕਾਰ, ਰਿਸਰਚ ਇੰਸਟੀਚਿਊਟ ਫਾਰ ਸਟੱਡੀਜ਼ ਇਨ ਵੈਦਿਕ ਸਾਇੰਸ, ਸੋਲਾਪੁਰ) ਤੇ ਡਾ. ਆਨੰਦ ਪ੍ਰਕਾਸ਼ (ਯੂਨੀਵਰਸਿਟੀ, ਪੂਨੇ) ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ। ਰਿਸੋਰਸ ਪਰਸਨਾਂ ਦਾ ਸਵਾਗਤ ਕਰਦਿਆਂ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਗਿਆਨ ਪਰੰਪਰਾ ਦੀ ਸਮਰੱਥ ਵਿਰਾਸਤ ਨਾਲ ਜਾਣੂ ਕਰਵਾਉਣਾ ਤੇ ਜੀਵਨ ਦੇ ਟੀਚਿਆਂ ਦੀ ਪ੍ਰਾਪਤੀ ’ਚ ਇਸ ਦੀ ਵਿਹਾਰਕ ਉਪਯੋਗਿਤਾ ਦਰਸਾਉਣਾ ਹੈ। ਡਾ. ਸ਼੍ਰੀਕਾਂਤ ਨੇ ਆਪਣੇ ਸੈਸ਼ਨ ’ਚ ਸਰੀਰਕ ਤੇ ਮਾਨਸਿਕ ਸਿਹਤ ਨਾਲ ਸਬੰਧਤ ਪਹਿਲੂਆਂ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਵੈਦਿਕ ਤਕਨੀਕਾਂ ਰਾਹੀਂ ਟੀਚਾ ਨਿਰਧਾਰਨ, ਸ਼ਖਸੀਅਤ ਵਿਕਾਸ ਤੇ ਸਬੰਧ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਵਰਕਬੁੱਕ ਅਭਿਆਸਾਂ ਰਾਹੀਂ ਜੀਵਨ ਸੰਤੁਸ਼ਟੀ, ਲੀਡਰਸ਼ਿਪ ਹੁਨਰ ਤੇ ਕਰੀਅਰ ਯੋਜਨਾ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ। ਮਨ ਦੀ ਸ਼ਾਂਤੀ ਲਈ 20 ਸਕਿੰਟ ਤੋਂ 20 ਮਿੰਟ ਤੱਕ ਦੇ ਰਚਨਾਤਮਕ ਵਿਰਾਮ ਦੀ ਕਿਰਿਆ ਵੀ ਕਰਵਾਈ ਗਈ। ਡਾ. ਆਨੰਦ ਪ੍ਰਕਾਸ਼ ਨੇ ਜੀਵਨ ਸੰਤੁਸ਼ਟੀ ਦੇ ਮਾਡਲ ਨੂੰ ਸਮਝਾਉਂਦਿਆਂ ਜੀਵਨ ਭਰ ਸਿੱਖਣ, ਅਰਥਪੂਰਨ ਨੈੱਟਵਰਕਿੰਗ ਤੇ ਭਾਵਨਾਤਮਕ ਸੰਤੁਲਨ ਵਰਗੀਆਂ ਵਿਹਾਰਕ ਰਣਨੀਤੀਆਂ ਸਾਂਝੀਆਂ ਕੀਤੀਆਂ। ਇੰਟਰਐਕਟਿਵ ਚਰਚਾ ਤੇ ਸਵਾਲ-ਜਵਾਬ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਆਪਣੇ ਟੀਚਿਆਂ ਤੇ ਮੁੱਲਾਂ ’ਤੇ ਵਿਚਾਰ ਕੀਤਾ। ਅੰਤ ’ਚ ਪ੍ਰਿੰਸੀਪਲ ਡਾ. ਪ੍ਰਦੀਪ ਭੰਡਾਰੀ, ਪ੍ਰੋ. ਆਰਤੀ ਸ਼ਰਮਾ ਤੇ ਸੰਯੋਜਕ ਡਾ. ਨਿਤਾਸ਼ਾ ਸ਼ਰਮਾ ਨੇ ਦੋਵਾਂ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਡਾ. ਨਿਤਾਸ਼ਾ ਸ਼ਰਮਾ ਨੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ। ਵਰਕਸ਼ਾਪ ’ਚ 85 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੇ ਭਾਗ ਲਿਆ।