ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਿਲੇਗਾ ਛੋਟਾ ਸਿਲੰਡਰ
ਜਾਸ, ਜਲੰਧਰ : ਹੁਣ
Publish Date: Sat, 04 Apr 2026 10:50 PM (IST)
Updated Date: Sat, 04 Apr 2026 10:52 PM (IST)
ਜਾਸ, ਜਲੰਧਰ : ਹੁਣ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਸਿਲੰਡਰ ਦਿੱਤੇ ਜਾਣਗੇ। ਸਿਲੰਡਰ ਦੀ ਘਾਟ ਕਾਰਨ ਮਜ਼ਦੂਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨਾਲ ਉਦਯੋਗ ਦੀ ਉਤਪਾਦਨ ਸਮਰੱਥਾ 'ਤੇ ਨਾਂਹਪੱਖੀ ਪ੍ਰਭਾਵ ਪੈ ਰਿਹਾ ਸੀ। ਸ਼ਹਿਰ ਦੇ ਵੱਖ-ਵੱਖ ਉਦਯੋਗਿਕ ਜਥੇਬੰਦੀਆਂ ਨੇ ਮਜ਼ਦੂਰਾਂ ਨੂੰ ਸਿਲੰਡਰ ਮੁਹੱਈਆ ਕਰਨ ਦੀ ਮੰਗ ਕੀਤੀ ਸੀ, ਜਿਨ੍ਹਾਂ ਮਜ਼ਦੂਰਾਂ ਦੇ ਆਧਾਰ ਕਾਰਡ ਨਹੀਂ ਸਨ, ਉਨ੍ਹਾਂ ਨੂੰ ਸਿਲੰਡਰ ਨਹੀਂ ਮਿਲ ਰਹੇ ਸਨ ਤੇ ਉਹ ਮਹਿੰਗੇ ਭਾਅ 'ਤੇ ਛੋਟੇ ਸਿਲੰਡਰ ਭਰਵਾ ਰਹੇ ਸਨ।
ਇਸ ਕਾਰਨ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਹੁਕਮਾਂ 'ਤੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਨੇ ਉਦਯੋਗਪਤੀਆਂ ਨਾਲ ਇਕ ਬੈਠਕ ਕੀਤੀ। ਇਸ ਬੈਠਕ ’ਚ ਉਦਯੋਗਪਤੀ ਸ਼ਾਂਤ ਗੁਪਤਾ ਤੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਨਰਿੰਦਰ ਸਿੰਘ ਵੀ ਸ਼ਾਮਲ ਸਨ। ਸ਼ਾਂਤ ਗੁਪਤਾ ਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਦੂਜੇ ਸੂਬਿਆਂ ਦੇ ਰਹਿਣ ਵਾਲਿਆਂ ਨੂੰ ਐੱਲਪੀਜੀ ਦੀ ਕਿਸੇ ਵੀ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨ੍ਹਾਂ ਨੂੰ ਪੰਜ ਕਿੱਲੋ ਦੇ ਸਿਲਿੰਡਰ ਹੀ ਦਿੱਤੇ ਜਾਣਗੇ। ਇਸ ਲਈ ਮਜ਼ਦੂਰ ਨੂੰ ਆਪਣੇ ਨੇੜਲੇ ਗੈਸ ਏਜੰਸੀ ’ਚ ਜਾਣਾ ਹੋਵੇਗਾ ਤੇ 573 ਰੁਪਏ ਅਦਾ ਕਰਨ 'ਤੇ ਪੰਜ ਕਿੱਲੋ ਦਾ ਰੀਫਿਲ ਕਰਵਾ ਲਿਆ ਜਾਵੇਗਾ। ਜੇ ਕੋਈ ਨਵਾਂ ਸਿਲੰਡਰ ਲੈਣਾ ਚਾਹੁੰਦਾ ਹੈ ਤਾਂ ਉਸਨੂੰ 1517 ਰੁਪਏ ਅਦਾ ਕਰਨੇ ਪੈਣਗੇ।
ਮਜ਼ਦੂਰ ਨੂੰ ਆਪਣਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਪਵੇਗਾ। ਜੇ ਕਿਸੇ ਮਜ਼ਦੂਰ ਕੋਲ ਆਧਾਰ ਕਾਰਡ ਨਹੀਂ ਹੈ ਤੇ ਉਸ ਨੂੰ ਜਿਸ ਉਦਯੋਗ ’ਚ ਉਹ ਕੰਮ ਕਰ ਰਿਹਾ ਹੈ, ਉਥੇ ਮਾਲਕ ਦੇ ਲੇਟਰ ਹੈੱਡ ’ਤੇ ਸਿਫਾਰਸ਼ ਕਰਵਾਉਣੀ ਪਵੇਗੀ। ਇਸ ਤਰ੍ਹਾਂ ਮਜ਼ਦੂਰਾਂ ਨੂੰ ਸਿਲੰਡਰ ਮਿਲ ਜਾਣਗੇ। ਇਸ ਮਾਮਲੇ ਨੂੰ ਜਲੰਧਰ ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ, ਉਦਯੋਗ ਨਗਰ ਮੈਨਿਊਫੈਕਚਰਜ਼ ਐਸੋਸੀਏਸ਼ਨ, ਇੰਜੀਨੀਅਰਿੰਗ ਉਦਯੋਗ ਐਸੋਸੀਏਸ਼ਨ, ਐੱਮਐੱਸਐੱਮਈ ਉਦਯੋਗ ਐਸੋਸੀਏਸ਼ਨ ਤੇ ਜਲੰਧਰ ਟਰੇਡਰਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਹਮਣੇ ਉਠਾਇਆ ਸੀ। ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।