- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਸਟੇਸ਼ਨ ਦੀ ਪੁਰਾਣੀ ਇਮਾਰਤ ਦੇ ਉੱਪਰੋਂ ਲੰਘ ਰਹੀ ਨੈੱਟਵਰਕਿੰਗ ਵਾਇਰਿੰਗ ਨੂੰ ਸੰਭਾਲ ਰਹੇ ਕਰਮਚਾਰੀ

-ਹਾਦਸੇ ਤੋਂ ਬਚਣ ਲਈ ਪਲੇਟਫਾਰਮ ਵੱਲ ਬਣਾਈ ਜਾ ਰਹੀ ਸੇਫਟੀ ਵਾਲ
-ਹਾਦਸੇ ’ਚ ਦੋ ਕਾਰਾਂ ਤੇ ਸੱਤ ਮੋਟਰਸਾਈਕਲਾਂ ਦਾ ਹੋਇਆ ਸੀ ਨੁਕਸਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਸਿਟੀ ਰੇਲਵੇ ਸਟੇਸ਼ਨ ਦੀ ਪੁਰਾਣੀ ਇਮਾਰਤ ਦੇ ਉੱਪਰ ਪਈ ਨੈੱਟਵਰਕਿੰਗ ਵਾਇਰਿੰਗ ਨੂੰ ਸੰਭਾਲਣ ਵਿੱਚ ਰੇਲਵੇ ਕਰਮਚਾਰੀ ਜੁਟ ਗਏ ਹਨ ਤਾਂ ਜੋ ਇਮਾਰਤ ਦੀ ਤੋੜ-ਫੋੜ ਦੌਰਾਨ ਕਿਸੇ ਵੀ ਤਰ੍ਹਾਂ ਦੀ ਵਾਇਰਿੰਗ ਟੁੱਟਣ ਕਾਰਨ ਰੇਲਵੇ ਦਾ ਕੰਮਕਾਜ ਪ੍ਰਭਾਵਿਤ ਨਾ ਹੋਵੇ। ਇਸ ਦੇ ਨਾਲ ਹੀ ਕੰਸਟ੍ਰਕਸ਼ਨ ਕੰਪਨੀ ਵੱਲੋਂ ਸੇਫਟੀ ਵਾਲ ਬਣਾਈ ਜਾ ਰਹੀ ਹੈ ਤਾਂ ਜੋ ਪਲੇਟਫਾਰਮ ਵੱਲ ਮੌਜੂਦ ਯਾਤਰੀਆਂ ਨੂੰ ਇਮਾਰਤ ਦੀ ਤੋੜ-ਫੋੜ ਸ਼ੁਰੂ ਹੋਣ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਸੇਫਟੀ ਵਾਲ ਬਣਨ ਨਾਲ ਬਿਨਾਂ ਕਿਸੇ ਰੁਕਾਵਟ ਦੇ ਕੰਮ ਕੀਤਾ ਜਾ ਸਕੇਗਾ। ਦਰਅਸਲ, ਸੇਫਟੀ ਵਾਲ ਨਾ ਹੋਣ ਕਾਰਨ ਜਲੰਧਰ ਕੈਂਟ ਸਟੇਸ਼ਨ ਦੇ ਪਾਰਕਿੰਗ ਏਰੀਏ ’ਚ ਵੱਡੀ ਕਰੇਨ ਹੇਠਾਂ ਡਿੱਗ ਗਈ ਸੀ। ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਸੀ ਪਰ ਪਾਰਕਿੰਗ ਵਿੱਚ ਖੜ੍ਹੀਆਂ ਯਾਤਰੀਆਂ ਤੇ ਰੇਲਵੇ ਕਰਮਚਾਰੀਆਂ ਦੀਆਂ ਦੋ ਕਾਰਾਂ ਅਤੇ ਸੱਤ ਦੋਪਹੀਆ ਵਾਹਨ ਜ਼ਰੂਰ ਨੁਕਸਾਨੇ ਗਏ ਸਨ। ਇਸ ਲਈ ਕੰਸਟ੍ਰਕਸ਼ਨ ਕੰਪਨੀ ਵੱਲੋਂ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।