- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
85 ਕਰੋੜ ਦੇ ਕੰਮ ਤਾਂ ਸ਼ੁਰੂ ਹੋਏ, ਪਰ ਪੈਸਾ ਇਕ ਨਾ ਆਇਆ, ਠੇਕੇਦਾਰਾਂ ਦਾ 12 ਕਰੋੜ ਫਸਿਆ

ਵਿਕਾਸ ਕੰਮ ਕਰਵਾ ਰਹੇ ਠੇਕੇਦਾਰਾਂ ਦੇ 12 ਕਰੋੜ ਦੇ ਬਿੱਲ ਫਸੇ, ਕਿਸੇ ਵੇਲੇ ਵੀ ਰੋਕ ਸਕਦੇ ਨੇ ਕੰਮ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਕੇਂਦਰ ਸਰਕਾਰ ਦੀ ਸ਼ਹਿਰੀ ਵਿਕਾਸ ਯੋਜਨਾ ਅਧੀਨ ਸ਼ਹਿਰ ’ਚ ਸ਼ੁਰੂ ਹੋਏ 9 ਵਿਕਾਸ ਕੰਮਾਂ ਦੇ 85 ਕਰੋੜ ਰੁਪਏ ’ਚੋਂ ਇਕ ਵੀ ਪੈਸਾ ਨਾ ਆਉਣ ਕਾਰਨ ਠੇਕੇਦਾਰਾਂ ਦੇ 12 ਕਰੋੜ ਦੇ ਬਿਲ ਫਸ ਗਏ ਹਨ ਅਤੇ ਆਉਂਦੇ ਦਿਨਾਂ ’ਚ ਠੇਕੇਦਾਰਾਂ ਵੱਲੋਂ ਕਿਸੇ ਵੀ ਸਮੇਂ ਕੰਮ ਬੰਦ ਕੀਤਾ ਜਾ ਸਕਦਾ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਉਕਤ ਯੋਜਨਾ ਦੀ ਰਕਮ ਪ੍ਰਾਪਤ ਕਰਨ ਲਈ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਨੂੰ ਵਿਕਾਸ ਕੰਮਾਂ ਦੇ ਐਸਟੀਮੇਟ ਬਨਾਉਣ ਅਤੇ ਉਨ੍ਹਾਂ ਨੂੰ ਨਿਗਮ ਹਾਊਸ ਦੀਆਂ ਹੰਗਾਮੀ ਮੀਟਿੰਗਾਂ ਬੁਲਾ ਕੇ ਏਜੰਡਾ ਪਾਸ ਕਰਕੇ ਭੇਜਣ ਦੀਆਂ ਹਦਾਇਤਾਂ ਕੀਤੀਆਂ ਸਨ ਅਤੇ ਨਗਰ-ਨਿਗਮਾਂ ਨੇ ਆਪੋ-ਆਪਣੇ ਹਾਊਸ ਦੀਆਂ ਮੀਟਿੰਗਾਂ ਬੁਲਾ ਕੇ ਏਜੰਡੇ ਪਾਸ ਕਰਕੇ ਭੇਜੇ ਸਨ। ਇਸ ਦੌਰਾਨ ਨਿਗਮਾਂ ਨੂੰ ਕਿਹਾ ਗਿਆ ਸੀ ਕਿ ਉਹ ਵਿਕਾਸ ਕੰਮ ਸ਼ੁਰੂ ਕਰਨ ਅਤੇ ਬੀਤੀ 31 ਮਾਰਚ ਤਕ ਕੰਮ ਪੂਰੇ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ ਪਰ ਖਰਾਬ ਮੌਸਮ ਕਾਰਨ ਨਗਰ ਨਿਗਮ ਨੇ ਸ਼ੁਰੂ ’ਚ 61 ਕਰੋੜ ਦੇ ਕੰਮ ਕਰਨ ਲਈ ਟੈਂਡਰ ਲਗਾਏ ਸਨ ਤੇ ਉਨ੍ਹਾਂ ਦੇ ਵਰਕ ਆਰਡਰ ਵੀ ਜਾਰੀ ਕਰ ਦਿੱਤੇ ਸਨ। ਇਹ ਸਾਰੇ ਕੰਮ ਸੜਕਾਂ ਬਨਾਉਣ ਦੇ ਸਨ। ਇਹ ਕੰਮ ਵਿਚਕਾਰ ਹੀ ਲਟਕ ਗਏ। ਇਸ ਤੋਂ ਬਾਅਦ ਨਗਰ ਨਿਗਮ ਨੂੰ 85 ਕਰੋੜ ਦੇ ਵਿਕਾਸ ਕੰਮ ਲਈ ਰਕਮ ਮਿਲਣੀ ਸੀ, ਜਿਸ ਦੇ ਐਸਟੀਮੇਟ ਬਣਾ ਕੇ ਏਜੰਡੇ ’ਚ ਸ਼ਾਮਲ ਕਰ ਦਿੱਤੇ ਗਏ ਸਨ। ਜਦੋਂ ਏਜੰਡਾ ਪਾਸ ਹੋ ਕੇ ਆ ਗਿਆ ਤੇ ਨਗਰ ਨਿਗਮ ਜਲੰਧਰ ਨੇ ਸ਼ਹਿਰ ਦੀਆਂ ਲੁੱਕ ਬਜਰੀ ਦੀਆਂ 9 ਸੜਕਾਂ ਬਣਾਉਣ ਦਾ ਕੰਮ ਵੀ ਸ਼ੁਰੂ ਕਰਾ ਦਿੱਤਾ ਸੀ ਤੇ ਠੇਕੇਦਾਰਾਂ ਨੂੰ ਇਹ ਕਿਹਾ ਗਿਆ ਕਿ ਜਿੰਨਾ ਕੰਮ ਕੀਤਾ ਜਾਏਗਾ ਉਸ ਦਾ ਭੁਗਤਾਨ ਨਾਲੋਂ ਨਾਲ ਕੀਤਾ ਜਾਏਗਾ, ਕੇਂਦਰ ਸਰਕਾਰ ਦਾ ਅੱਜ ਤਕ ਇਕ ਵੀ ਪੈਸਾ ਵਿਕਾਸ ਕੰਮਾਂ ਦੇ ਭੁਗਤਾਨ ਲਈ ਨਹੀ ਆਇਆ।
------------------------
3 ਹਲਕਿਆਂ ’ਚ ਚੱਲ ਰਹੇ ਨੇ ਕੰਮ
ਨਗਰ ਨਿਗਮ ਦੇ ਸੂਤਰਾਂ ਅਨੁਸਾਰ ਕੇਂਦਰ ਦੀ ਉਕਤ ਯੋਜਨਾ ਅਨੁਸਾਰ ਸੈਂਟਰਲ, ਕੈਂਟ ਅਤੇ ਵੈਸਟ ਵਿਧਾਨ ਸਭਾ ਹਲਕਿਆਂ ’ਚ ਲੁਕ ਬਜਰੀ ਦੀਆਂ ਸੜਕਾਂ ਬਣਾਉਣ ਦੇ ਕੰਮ ਚੱਲ ਰਹੇ ਹਨ ਪਰ ਮੌਸਮ ਖਰਾਬ ਹੋਣ ਕਾਰਨ ਇਹ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਮੌਸਮ ਖਰਾਬ ਹੋਣ ਕਾਰਨ ਜਿਹੜੇ ਕੰਮ 31 ਮਾਰਚ ਤੱਕ ਪੂਰੇ ਨਹੀਂ ਹੋਏ ਉਨ੍ਹਾਂ ਦੀ ਮਿਆਦ ਜੂਨ ਮਹੀਨੇ ਤਕ ਵਧਾ ਦਿੱਤੀ ਗਈ ਹੈ।
-------------------
ਬਿੱਲ ਭੇਜੇ ਗਏ
ਇਸ ਦੌਰਾਨ ਨਗਰ ਨਿਗਮ ਦੇ ਬੀਐਂਡਆਰ ਦੇ ਸੁਪਰਟੈਂਡਿੰਗ ਇੰਜੀਨੀਅਰਾਂ ਰਜਨੀਸਤ ਡੋਗਰਾ ਤੇ ਰਾਹੁਲ ਧਵਨ ਨੇ ਕਿਹਾ ਹੈ ਕਿ ਠੇਕੇਦਾਰਾਂ ਦੇ 12 ਕਰੋੜ ਦੇ ਕੰਮਾਂ ਦੇ ਬਿੱਲ ਡਿਪਟੀ ਕਮਿਸ਼ਨਰ ਵਿਕਾਸ ਨੂੰ ਭੇਜੇ ਗਏ ਹਨ ਪਰ ਅਜੇ ਤਕ ਜ਼ਿਲ੍ਹਆ ਪ੍ਰਸ਼ਾਸਨ ਵਲੋਂ ਕੋਈ ਜਵਾਬ ਤਕ ਨਹੀਂ ਆਇਆ, ਜਿਸ ਕਾਰਨ ਠੇਕੇਦਾਰਾਂ ਨੂੰ ਮਜ਼ਦੂਰੀ ਦਾ ਭੁਗਤਾਨ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਦੌਰਾਨ ਆਰਥਿਕ ਤੰਗੀ ਦਾ ਸ਼ਿਕਾਰ ਠੇਕੇਦਾਰਾਂ ਨੇ ਕਿਹਾ ਹੈ ਕਿ ਜੇ ਮਜ਼ਦੂਰਾਂ ਨੂੰ ਭੁਗਤਾਨ ਨਾ ਕੀਤਾ ਗਿਆ ਤਾਂ ਅੱਗੇ ਕੰਮ ਚਲਾਉਣਾ ਮੁਸ਼ਕਲ ਹੋ ਜਾਏਗਾ।