ਕੰਗ ਖੁਰਦ ਤੋਂ ਮੁਰਾਜਵਾਲਾ ਜਾਣ ਵਾਲੀ ਸੜਕ ਦਾ ਕੰਮ ਠੱਪ, ਲੋਕਾਂ ’ਚ ਰੋਸ ਕੰਗ ਖੁਰਦ ਤੋਂ ਮੁਰਾਜਵਾਲਾ ਜਾਣ ਵਾਲੀ ਸੜਕ ਦਾ ਕੰਮ ਠੱਪ, ਲੋਕਾਂ ’ਚ ਰੋਸ
Publish Date: Wed, 16 Sep 2026 10:24 PM (IST)
Updated Date: Wed, 16 Sep 2026 10:26 PM (IST)
-ਧਰਨੇ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਸੜਕ ’ਤੇ ਵੱਟੇ ਪਾ ਕੇ ਛੱਡਣ ਦਾ ਦੋਸ਼, ਲੋਕ ਬੋਲੇ-‘ਪੰਚਾਂ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦਾ ਉੱਥੇ’ ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਲੋਹੀਆਂ ਖਾਸ ਅਧੀਨ ਪੈਂਦੇ ਪਿੰਡ ਕੰਗ ਖੁਰਦ ਤੋਂ ਮੁਰਾਜਵਾਲਾ ਅਤੇ ਜਾਣੀਆਂ ਨੂੰ ਜਾਂਦੀ ਸੜਕ ਦਾ ਨਿਰਮਾਣ ਕਾਰਜ ਠੱਪ ਪਿਆ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਖਿੱਲਰੇ ਪਏ ਵੱਟੇ ਅਤੇ ਟੁੱਟੀ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਮਿਲਣ ਦੇ ਬਾਵਜੂਦ ਅਜੇ ਤੱਕ ਕੰਮ ਅੱਗੇ ਨਹੀਂ ਵਧਿਆ। ਪਿੰਡ ਮੁਰਾਜਵਾਲਾ ਦੇ ਹਰਬੰਸ ਸਿੰਘ, ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਅਤੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸੜਕ ਲੰਮੇ ਸਮੇਂ ਤੋਂ ਖਸਤਾ ਹਾਲਤ ਵਿੱਚ ਹੈ। ਪ੍ਰਸ਼ਾਸਨ ਵੱਲੋਂ ਸੜਕ ਦੀ ਮੁਰੰਮਤ ਨਾ ਕਰਵਾਏ ਜਾਣ ਕਾਰਨ ਕਿਸਾਨ ਸੰਘਰਸ਼ ਕਮੇਟੀ ਅਤੇ ਇਲਾਕਾ ਵਾਸੀਆਂ ਨੇ 15 ਅਗਸਤ ਨੂੰ ਮੀਟਿੰਗ ਕਰਕੇ 25 ਅਗਸਤ ਨੂੰ ਲੋਹੀਆਂ ਦੇ ਸੁਲਤਾਨਪੁਰ ਰੋਡ ਵਾਲੇ ਰੇਲਵੇ ਫਾਟਕ ’ਤੇ ਧਰਨਾ ਲਗਾਉਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਧਰਨੇ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ। ਇਸ ਦੌਰਾਨ ਐੱਸ.ਡੀ.ਐੱਮ. ਸ਼ਾਹਕੋਟ ਨਾਲ ਹੋਈ ਮੀਟਿੰਗ ਵਿੱਚ ਸੜਕ ਦੀ ਮੁਰੰਮਤ ਸਬੰਧੀ ਮੰਗਾਂ ’ਤੇ ਵਿਚਾਰ ਹੋਇਆ ਅਤੇ ਪ੍ਰਸ਼ਾਸਨ ਵੱਲੋਂ ਜਲਦ ਕੰਮ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਪਿੰਡ ਵਾਸੀਆਂ ਅਨੁਸਾਰ 26 ਅਗਸਤ ਨੂੰ ਪ੍ਰਸ਼ਾਸਨ ਵੱਲੋਂ ਤਿੰਨ ਟਿੱਪਰ ਪ੍ਰੀਮਿਕਸ ਅਤੇ ਮਿੱਟੀ ਦੇ ਸੜਕ ਕਿਨਾਰੇ ਉਤਾਰ ਦਿੱਤੇ ਗਏ, ਪਰ ਇਸ ਤੋਂ ਬਾਅਦ ਸੜਕ ’ਤੇ ਕੋਈ ਹੋਰ ਕੰਮ ਨਹੀਂ ਕੀਤਾ ਗਿਆ। ਉਨ੍ਹਾਂ ਦਾ ਦੋਸ਼ ਹੈ ਕਿ ਨਾ ਤਾਂ ਠੇਕੇਦਾਰ ਦੇ ਨੁਮਾਇੰਦੇ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਸੜਕ ਦੀ ਸਾਰ ਲੈਣ ਪਹੁੰਚਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਦੀ ਖਸਤਾ ਹਾਲਤ ਕਾਰਨ ਜਿੱਥੇ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ, ਉੱਥੇ ਰਿਸ਼ਤੇਦਾਰ ਵੀ ਪਿੰਡ ਆਉਣ ਤੋਂ ਕਤਰਾਉਂਦੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਪਹਿਲਾਂ ਹੀ ਵਾਹਨਾਂ ਦੀ ਟੁੱਟ-ਭੱਜ ਦਾ ਕਾਰਨ ਬਣ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਫ਼ਸਲ ਦੀ ਢੋਆ-ਢੁਆਈ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਟਰੈਕਟਰ-ਟਰਾਲੀਆਂ ਲੈ ਕੇ ਇਸ ਸੜਕ ਤੋਂ ਲੰਘਣ ਵਿੱਚ ਹੋਰ ਮੁਸ਼ਕਲ ਆਵੇਗੀ। ਹਰਬੰਸ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਧਰਨਾ ਲਗਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਸੜਕ ਦਾ ਕੰਮ ਜਲਦ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਮਲ ਵਿੱਚ ਸਥਿਤੀ ਪਹਿਲਾਂ ਵਰਗੀ ਹੀ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਵਾ ਕੇ ਮੁਕੰਮਲ ਕੀਤਾ ਜਾਵੇ। ਇਸ ਮੌਕੇ ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਬਕਾ ਪੰਚ ਜੋਗਿੰਦਰ ਸਿੰਘ, ਸਾਬਕਾ ਪੰਚ ਮੇਜਰ ਸਿੰਘ, ਕਿਸਾਨ ਆਗੂ ਹਰਬੰਸ ਸਿੰਘ, ਅਮਰਜੀਤ ਸਿੰਘ ਬੱਬੂ, ਸਾਬਕਾ ਸਰਪੰਚ ਬਲਵੀਰ ਸਿੰਘ, ਪੰਚ ਗੁਰਮੇਲ ਸਿੰਘ, ਬਲਕਾਰ ਸਿੰਘ, ਤਰਸੇਮ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਅਜੀਤ ਸਿੰਘ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਨਿਰਮਲ ਸਿੰਘ ਨਿੰਮਾ, ਬਲਤੇਜ ਸਿੰਘ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਸਰਬਜੀਤ ਸਿੰਘ ਬੱਬੂ ਪ੍ਰਧਾਨ ਕਿਸਾਨ ਯੂਨੀਅਨ ਜ਼ੋਨ ਮੁਰਾਜਵਾਲਾ ਸਮੇਤ ਹੋਰ ਪਿੰਡ ਵਾਸੀ ਹਾਜ਼ਰ ਸਨ।