ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀ ਪਰੇਸ਼ਾਨ ਦਮੋਰੀਆ ਪੁਲ 'ਤੇ ਸਲੈਬ ਬਦਲਣ ਦਾ ਕੰਮ ਸ਼ੁਰੂ, ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀ ਪਰੇਸ਼ਾਨ
Publish Date: Tue, 06 Oct 2026 09:33 PM (IST)
Updated Date: Tue, 06 Oct 2026 09:35 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਲਾਈਨ ਤੇ ਜਲੰਧਰ ਸਟੇਸ਼ਨ ਦੇ ਨੇੜੇ ਸਥਿਤ 157 ਸਾਲ ਪੁਰਾਣੇ ਦੋਮੋਰੀਆ ਪੁਲ ਦੀਆਂ ਲੋਹੇ ਦੀਆਂ ਪੁਰਾਣੀਆਂ ਸਲੈਬਾਂ ਅਤੇ ਗਾਰਡਰਾਂ ਨੂੰ ਹਟਾ ਕੇ ਨਵੀਆਂ ਪੀਐੱਸਸੀ ਸਲੈਬਾਂ (ਕੰਕਰੀਟ ਸਪੈਨ) ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕਾਰਨ ਰੇਲਵੇ ਵੱਲੋਂ ਬਲਾਕ ਲਿਆ ਗਿਆ ਹੈ, ਜਿਸ ਨਾਲ ਇਸ ਰੂਟ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਸ ਦੇ ਨਾਲ ਹੀ ਪੁਲ ਦੇ ਹੇਠਾਂ ਤੋਂ ਲੰਘਣ ਵਾਲਾ ਰਸਤਾ ਵੀ ਪ੍ਰਭਾਵਿਤ ਹੋਇਆ ਹੈ। ਹਾਲਾਂਕਿ ਸੜਕ ਮਾਰਗ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ, ਕਿਉਂਕਿ ਇਸ ਦੇ ਉੱਪਰੋਂ ਹੀ ਆਰਓਬੀ ਲੰਘਦਾ ਹੈ ਪਰ ਰੇਲ ਗੱਡੀਆਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਜ਼ਰੂਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੇਲਵੇ ਵੱਲੋਂ 10 ਅਕਤੂਬਰ ਤੱਕ ਬਲਾਕ ਲਿਆ ਗਿਆ ਹੈ। ਓਵਰਹੈੱਡ ਇਲੈਕਟ੍ਰਿਕ (ਓਐੱਚਈ) ਅਤੇ ਟ੍ਰੈਫਿਕ ਬਲਾਕ ਕਾਰਨ ਕੁਝ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ, ਜਦਕਿ ਕੁਝ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਇਆ ਗਿਆ ਹੈ। ਇਸੇ ਕਾਰਨ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਜਲੰਧਰ ਸਿਟੀ ਸਟੇਸ਼ਨ ਨਹੀਂ ਆਈ ਅਤੇ ਇਸ ਨੂੰ ਲੁਧਿਆਣਾ ਤੱਕ ਹੀ ਚਲਾਇਆ ਗਿਆ। ਜੰਮੂਤਵੀ-ਟਾਟਾਨਗਰ ਐਕਸਪ੍ਰੈੱਸ 18102 ਨੂੰ 7 ਅਕਤੂਬਰ ਨੂੰ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ ਰੂਟ ਰਾਹੀਂ ਚਲਾਇਆ ਜਾਵੇਗਾ। ਇਸੇ ਤਰ੍ਹਾਂ ਸੰਬਲਪੁਰ-ਜੰਮੂਤਵੀ ਐਕਸਪ੍ਰੈੱਸ 18309 ਨੂੰ 7 ਅਤੇ 8 ਅਕਤੂਬਰ ਨੂੰ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰੂਟ ਰਾਹੀਂ ਚਲਾਇਆ ਜਾਵੇਗਾ। ਇਹ ਰੇਲ ਗੱਡੀ ਜਲੰਧਰ ਸਿਟੀ, ਬਿਆਸ, ਅੰਮ੍ਰਿਤਸਰ, ਬਟਾਲਾ, ਧਾਰੀਵਾਲ, ਗੁਰਦਾਸਪੁਰ ਅਤੇ ਦੀਨਾਨਗਰ ਸਟੇਸ਼ਨਾਂ ਤੇ ਨਹੀਂ ਆਵੇਗੀ। ਇਸ ਤੋਂ ਇਲਾਵਾ ਹੁਸ਼ਿਆਰਪੁਰ-ਆਗਰਾ ਕੈਂਟ ਐਕਸਪ੍ਰੈੱਸ 11906-07 ਨੂੰ 7 ਅਤੇ 9 ਅਕਤੂਬਰ ਨੂੰ ਜਲੰਧਰ ਸਿਟੀ ਸਟੇਸ਼ਨ ਤੇ ਨਹੀਂ ਲਿਆਂਦਾ ਜਾਵੇਗਾ। ਇਹ ਰੇਲ ਗੱਡੀ ਹੁਸ਼ਿਆਰਪੁਰ-ਜਲੰਧਰ ਕੈਂਟ-ਲੁਧਿਆਣਾ ਰੂਟ ਰਾਹੀਂ ਚਲਾਈ ਜਾਵੇਗੀ।