90 ਦਿਨਾਂ ਬਾਅਦ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ 90 ਦਿਨਾਂ ਬਾਅਦ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ
Publish Date: Wed, 21 Oct 2026 09:47 PM (IST)
Updated Date: Wed, 21 Oct 2026 09:48 PM (IST)
ਧੀਰਜ ਮਰਵਾਹਾ, ਪੰਜਾਬੀ ਜਾਗਰਣ ਨਕੋਦਰ : ਸ਼ਹਿਰ ਦੇ ਸਭ ਤੋਂ ਰੁਝੇਵੇਂ ਭਰੇ ਮਾਰਗਾਂ ’ਚੋਂ ਇਕ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਦੀ ਸੜਕ ’ਤੇ ਕਰੀਬ 90 ਦਿਨਾਂ ਬਾਅਦ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਸ਼ੇਰਪੁਰ ਨੇ ਸਾਥੀ ਕੌਂਸਲਰਾਂ ਸਮੇਤ ਮੌਕੇ ’ਤੇ ਪਹੁੰਚ ਕੇ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ 20 ਦਿਨਾਂ ਅੰਦਰ ਸੜਕ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ। ਲੰਮੇ ਸਮੇਂ ਤੋਂ ਸੜਕ ਬੰਦ ਹੋਣ ਕਾਰਨ ਪਰੇਸ਼ਾਨੀ ਝੱਲ ਰਹੇ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋਣ ’ਤੇ ਸੁੱਖ ਦਾ ਸਾਹ ਲਿਆ ਹੈ। ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਦੌਰਾਨ ਜ਼ਮੀਨ ਹੇਠਾਂ ਸੀਵਰੇਜ ਪ੍ਰਣਾਲੀ, ਪੀਣ ਵਾਲੇ ਪਾਣੀ ਦੀ ਨਵੀਂ ਪਾਈਪਲਾਈਨ, ਪੱਕੀਆਂ ਹੌਦੀਆਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰੋਡ-ਗਲੀਆਂ ਬਣਾਉਣ ਦਾ ਕੰਮ ਕੀਤਾ ਗਿਆ ਹੈ। ਇਨ੍ਹਾਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਉਣ ’ਚ ਸਮਾਂ ਲੱਗਿਆ, ਪਰ ਹੁਣ ਸੜਕ ਨੂੰ ਮਜ਼ਬੂਤ ਤੇ ਹੰਢਣਸਾਰ ਬਣਾਉਣ ਲਈ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਯਤਨਾਂ ਸਦਕਾ ਸ਼ਹਿਰ ਵਾਸੀਆਂ ਨੂੰ ਬਿਹਤਰ ਸੜਕੀ ਸਹੂਲਤ ਮੁਹੱਈਆ ਕਰਵਾਉਣ ਵੱਲ ਕਦਮ ਚੁੱਕੇ ਜਾ ਰਹੇ ਹਨ। ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਮੁਹੱਲਾ ਗੁਰੂ ਨਾਨਕਪੁਰਾ ਦੀ ਖ਼ਸਤਾ ਹਾਲ ਸੜਕ ਦਾ ਨਿਰਮਾਣ ਕਾਰਜ ਵੀ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਸ਼ੇਰਪੁਰ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੇ ਰੂਟ ਨੂੰ ਧਿਆਨ ਵਿੱਚ ਰੱਖਦਿਆਂ ਸੜਕ ਨੂੰ ਪੱਧਰਾ ਅਤੇ ਸਾਫ਼ ਕਰਨ ਲਈ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਸ਼ੋਭਾ ਯਾਤਰਾ ਵਾਲੇ ਦਿਨ ਹੀ ਨਿਰਮਾਣ ਕਾਰਜ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਡਾ. ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਦਾ ਮਾਰਗ ਨਕੋਦਰ ਸ਼ਹਿਰ ਦੀ ਆਵਾਜਾਈ ਲਈ ਅਹਿਮ ਹੈ। ਇਹ ਰਸਤਾ ਬਾਈਪਾਸ, ਮਹਿਤਪੁਰ ਅਤੇ ਜਗਰਾਓਂ ਰੋਡ ਨੂੰ ਜੋੜਨ ਦੇ ਨਾਲ-ਨਾਲ ਮੁੱਖ ਸਬਜ਼ੀ ਮੰਡੀ, ਇਤਿਹਾਸਕ ਮੰਦਰਾਂ, ਸਕੂਲਾਂ ਅਤੇ ਅੰਦਰੂਨੀ ਬਾਜ਼ਾਰਾਂ ਤੱਕ ਪਹੁੰਚਣ ਲਈ ਵੀ ਵਰਤਿਆ ਜਾਂਦਾ ਹੈ। ਸੜਕ ਦਾ ਨਿਰਮਾਣ ਕਾਰਜ ਸ਼ੁਰੂ ਹੋਣ ਕਾਰਨ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਰਸਤਾ ਬੰਦ ਰਹਿਣ ਨਾਲ ਦੁਕਾਨਦਾਰਾਂ ਦੇ ਕਾਰੋਬਾਰ ’ਤੇ ਮਾੜਾ ਅਸਰ ਪਿਆ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਹੋਣ ਨਾਲ ਇਲਾਕੇ ਦੇ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਉਮੀਦ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ। ਨਗਰ ਕੌਂਸਲ ਪ੍ਰਧਾਨ ਪ੍ਰਦੀਪ ਸ਼ੇਰਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਿਰਮਾਣ ਕਾਰਜ ਦੌਰਾਨ ਅਗਲੇ 20 ਦਿਨਾਂ ਤੱਕ ਇਸ ਮਾਰਗ ’ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ, ਜਦਕਿ ਪੈਦਲ ਆਉਣ-ਜਾਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਵਾਹਨ ਚਾਲਕਾਂ ਨੂੰ ਬਦਲਵੇਂ ਰਸਤੇ ਵਜੋਂ ਬਾਈਪਾਸ ਦੀ ਵਰਤੋਂ ਕਰਨ ਅਤੇ ਨਿਰਮਾਣ ਕਾਰਜ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਰਮੇਸ਼ ਸੋਂਧੀ, ਨਗਰ ਕੌਂਸਲ ਦੇ ਉਪ ਪ੍ਰਧਾਨ ਵਿਜੇ ਮੜਾਸ, ਸੰਨੀ ਪੁਰੀ, ਇਲਾਕੇ ਦੇ ਦੁਕਾਨਦਾਰ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।